ਪੰਨਾ:ਅਰਸ਼ੀ ਝਲਕਾਂ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੇਰਾਂ ਵਾਲੀਆਂ ਚਾਲਾਂ ਗਈਆਂ।
ਕ੍ਰਿਪਾਨਾਂ ਜ਼ੰਗਾਲੀਆਂ ਗਈਆਂ।

ਗਈ ਬੀਰਤਾ ਭੱਲਾਂ ਰਹੀਆਂ,
ਅਣਖ ਗੁਵਾਚੀ ਗੱਲਾਂ ਰਹੀਆਂ,
ਪ੍ਰੇਮ ਗਿਆ ਰਹਿ ਗਿਆ ਵਿਤਕਰਾ,
ਫੁਲ ਖੁਸ ਗਏ ਵਲਾਂ ਰਹੀਆਂ,
ਵੇਹਲੇ ਬਹਿ ਗਏ ਮਲ ਸਰਦਾਰੀ।
ਹੱਤਕ ਸਮਝਣ ਸੇਵਾਦਾਰੀ।

ਪੈ ਗਏ ਦੁਖ ਦਰੇੜਾਂ ਆਈਆਂ,
ਕੌਮ ਕਿਲੇ ਨੂੰ ਤੇੜਾਂ ਆਈਆਂ,
ਖੁਸ਼ੀਆਂ ਦੇ ਦਿਨ ਸੁਫਨਾ ਹੋ ਗਏ
ਗ਼ਮੀਆਂ ਬੰਨ੍ਹ ਮਹੇੜਾਂ ਆਈਆਂ,
ਧੜੇ ਬਨਾ ਕੇ ਬਹਿਣ ਲਗ ਪਏ।
ਆਪੋ ਦੇ ਵਿਚ ਖਹਿਣ ਲਗ ਪਏ।

ਬਾਹੂਬਲ ਦੇ ਡੌਲੇ ਭੱਜ ਗਏ,
ਸੱਚ ਦੇ ਮੂੰਹ ਤੇ ਜੰਦਰੇ ਵੱਜ ਗਏ,
ਮਿੱਟੀ ਰੁਲੀ ਅਣਖ ਖੁਦ-ਦਾਰੀ,
ਕੂੜ ਕਪਟ ਕੁਰਸੀ ਤੇ ਸੱਜ ਗਏ,
'ਚਮਕ' ਵਿਚਾਰਾ ਕੀ ਸਮਝਾਵੇ।
ਸਤਿਗੁਰ ਆਪ ਸੁਮੱਤੇ ਲਾਵੇ।

~~~~

੨੫.