ਪੰਨਾ:ਅਰਸ਼ੀ ਝਲਕਾਂ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਥੇ ਫੱਕਾ ਬਣ ਗਏ ਕਾਲ ਦਾ, ਕਈ ਵਾਂਗਰ ਡੱਡੇ।
ਓਥੇ ਕਈ ਰੂਹਾਂ ਨੇ ਜੁੱਸਿਆਂ ਦੇ, ਰਿਸ਼ਤੇ ਛੱਡੇ।
ਓਥੇ ਪੈ ਗਏ ਇਕੇ ਫਰਸ਼ ਤੇ, ਛੋਟੇ ਤੇ ਵੱਡੇ।
ਸਿਰ ਲਹਿ ਕੇ ਭੁੰਞੇ ਜਾ ਪਏ, ਰਹੇ ਆਨੇ ਟੱਡੇ।
ਓਥੇ ਖੱਪਰ ਪੀ ਪੀ ਕਾਲਕਾ, ਤਾ ਦਿਲ ਦੇ ਕੱਢੇ।
ਇਕ ਵਾਰ ਨਾਲ, ਅਸਵਾਰ ਜੀਨ ਤੇ ਘੋੜੇ ਵੱਢੇ।

ਆ ਕਲਗੀਧਰ ਦੇ ਸਾਹਮਣੇ, ਲਾਹ ਸ਼ਰਮਾਂ ਸੰਗਾਂ।
ਹੱਥ ਬੰਨ ਅਜੀਤ ਇਉਂ ਬੋਲਿਆ, ਮੈਂ ਮੰਗ ਇਕ ਮੰਗਾਂ।
ਮੇਰੇ ਅੰਦਰੋਂ ਉਛਲ ਪੈਣ ਨੂੰ, ਅਜ ਬਾਹਰ ਉਮੰਗਾਂ।
ਮੇਰਾ ਚਿਤ ਉਬਾਲੇ ਖਾ ਰਿਹਾ, ਕਈ ਚੜ੍ਹਨ ਤਰੰਗਾਂ।
ਮੈਂ ਲਾਹ ਲਾਹ ਕੇ, ਸਿਰ ਵੈਰੀਆਂ ਦੇ ਨੇਜ਼ੇ ਟੰਗਾਂ।
ਮੈਂ ਖੇਡਾਂ ਹੋਲੀ ਰੱਤ ਦੀ, ਰਣ-ਭੂਮੀ ਰੰਗਾਂ।
ਮੈਂ ਪਲ ਵਿਚ ਲੰਮੀਆਂ ਪਾ ਦਿਆਂ, ਲੰਗਾਂ ਦੀ ਲੰਗਾਂ।
ਮੈਂ ਵੇਖਾਂ ਲਾੜੀ ਜਿੱਤ ਦੀ, ਬਾਂਹ ਛਣਕਣ ਵੰਗਾਂ।

ਤਕ ਜੋਸ਼ ਲਾਲ ਦਾ ਦਸਮ ਗੁਰ, ਬੁਲੀਂ ਮੁਸਕਾਏ।
ਤੇ ਬਿਰਤੀ ਜੋੜ ਅਕਾਲ ਵਿਚ, ਸੌ ਸ਼ੁਕਰ ਮਨਾਏ।
ਸਭ ਗਲ ਹੈ ਤੇਰੇ ਹੁਕਮ ਵਿਚ, ਜੋ ਬਣੇ ਬਣਾਏ।
ਮੈਂ ਸਿਰ ਮਥੇ ਤੇ ਮੰਨਨਾ, ਜੋ ਤੇਰੀ ਰਜ਼ਾਏ।
ਤਦ ਦਾ ਥੀਂ ਬਰਖੁਰਦਾਰ ਦੇ, ਬਸਤਰ ਬਦਲਾਏ।
ਤੇ ਢੁਕਵੇਂ ਸੋਹਣੇ ਰੀਝ ਦੇ, ਨਾਲ ਸ਼ਸਤਰ ਲਾਏ।
ਚੁੰਮ ਮਥਾਂ ਮੂੰਹੋਂ ਆਖਿਆ, ਵਾਹਿਗੁਰੂ ਸਹਾਏ।
ਚੜ੍ਹ ਘੋੜੀ ਸਾਹਿਬ ਅਜੀਤ ਸਿੰਘ, ਆਕਾਲ ਗਜਾਏ।

੩੭.