ਪੰਨਾ:ਅਰਸ਼ੀ ਝਲਕਾਂ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਗਰੀਬ ਜਵਾਨੀ

ਕਚੀ ਕਲੀ ਟੈਹਣੀਓਂ ਟੁਟਕੇ,
ਭੁੰਞੇ ਪਈ ਗਰੀਬ ਜਵਾਨੀ।
ਦੁਨੀਆ ਤੇ ਹੋਈ ਨਾ ਹੋਈ,
ਇਕੋ ਜਹੀ ਗਰੀਬ ਜਵਾਨੀ।

ਸਧਰਾਂ ਨੂੰ ਸਿਰ ਚੁਕਨ ਨਾ ਦਏ,
ਵਲਵਲਿਆਂ ਨੂੰ ਨਪਕੇ ਰਖੇ।
ਅਰਮਾਨਾਂ ਨੂੰ ਵਾ ਨਾ ਲਾਵੇ,
ਦਿਲ ਦੀ ਮਰਜ਼ੀ ਠਪਕੇ ਰਖੇ।

ਤਿਖੇ ਕਰੇ ਨਾ ਤੀਰ ਨਜ਼ਰ ਦੇ,
ਨਾ ਸੁਰਮੇ ਦੀ ਸਾਨ ਚੜ੍ਹਾਵੇ।
ਨਾ ਵਾਲਾਂ ਨੂੰ ਫੇਰੇ ਕੰਘੀ,
ਨਾਗ਼ਾਂ ਉਤੋਂ ਕੁੰਜ ਨਾ ਲਾਵ੍ਹੇ।

ਨਾ ਕੋਈ ਵਟਾਂ ਵਾਲੀ ਚੁੰਨੀ,
ਲੰਘਦੇ ਰਾਹੀਆਂ ਨੂੰ ਵਲ ਮਾਰੇ।
ਸੁਟ ਕੰਡ ਤੇ ਗੁਤ ਸੁਨੈਹਰੀ,
ਨਾ ਇਹ ਚਾੜ੍ਹੇ ਪੀਂਘ ਹੁਲਾਰੇ।

੪੩.