ਪੰਨਾ:ਅਰਸ਼ੀ ਝਲਕਾਂ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੈਣਾਂ ਮੋਈਆਂ ਰੀਝਾਂ ਮੁਕੀਆਂ,
ਭਾਈ ਮਰ ਗਏ ਤੇ ਭਾ ਮਰ ਗਏ।
ਬਾਪ ਨਾਲ ਮਰ ਗਿਆ ਆਸਰਾ,
ਮਾਂ ਮੋਈ ਸੱਧਰਾਂ ਚਾ ਮਰ ਗਏ।

ਹੁਣ ਨਹੀਂ ਤੇਰੀ ਲੋੜ ਕਿਸੇ ਨੂੰ,
ਤੂੰ ਸਭ ਨੂੰ ਦੁਖਿਆਰ ਜਹੀ ਏਂ।
ਜੂਠੇ ਟੁਕਰਾਂ ਤੇ ਪੱਲ ਕੇ ਵੀ,
ਟੱਬਰ ਦੇ ਸਿਰ ਭਾਰ ਜਹੀ ਏਂ।

ਸਾਰੇ ਕੰਮ ਹੋਣਗੇ ਘਰ ਦੇ,
ਤੇਰਾ ਸੰਭਾਲਾ ਹੋ ਨਹੀਂ ਸਕਨਾ।
ਆਪੇ ਹੱਗੀਂ ਲਿਬੜੀਂ ਮਿਧੀਂ,
ਤੈਨੂੰ ਕਿਸੇ ਨੇ ਧੋ ਨਹੀਂ ਸਕਨਾ।

ਰੁਖਾ ਮਿੱਸਾ ਜੁੜਿਆ ਖਾ ਕੇ,
ਢਿੱਡ ਦੀ ਅੱਗ ਬੁਝਾ ਲੀਤਾ ਕਰ।
ਘੁਰਕੀ, ਝਿੜਕ, ਠਪੋਕੀ, ਸਹਿਕੇ,
ਵੇਲਾ ਵਕਤ ਬੀਤਾ ਲੀਤਾ ਕਰ।

ਚੁਲ੍ਹੇ ਵਿਚ ਪਾ ਮਨ ਦੀ ਮਰਜ਼ੀ,
ਸਬਰੋਂ ਵਧ ਕੁਝ ਹੋਰ ਨਹੀਂ ਹੁੰਦਾ।
ਛੱਡ ਦੇ ਜ਼ਿਦਾਂ ਕਲਪਿਆ ਨਾ ਕਰ,
ਓਪਰਿਆਂ ਤੇ ਜ਼ੋਰ ਨਹੀਂ ਹੁੰਦਾ।

੪੬.