ਪੰਨਾ:ਅਰਸ਼ੀ ਝਲਕਾਂ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਹੁੰਚ ਵਾਲਿਆਂ ਪਾਏ ਬਖੇੜੇ,
ਨਵ੍ਹਾਂ ਨਾਲੋਂ ਮਾਸ ਨਿਖੇੜੇ,
ਕਤਲ ਸਵਾਬ ਦੀ ਸ਼ਰ੍ਹਾ ਵਿਖਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।

ਕਲਾ, ਵਾਲਿਆਂ ਫੇਰੀ ਚਾਬੀ,
ਚੁਪ ਚੁਪੀਤੇ, ਰਹੇ ਪੰਜਾਬੀ,
ਭੁਖੇ ਮਰ ਗਏ ਲੱਖ ਬੰਗਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।

ਭਗਤੀ ਲੱਭੀਆਂ ਖੂੰਜਾਂ ਗ਼ਾਰਾਂ,
ਮਜ਼ਹਬ ਖਰੀਦੇ ਠੇਕੇਦਾਰਾਂ,
ਵਿਚਲਿਆਂ ਨੇ ਰੱਲ ਖੇਡ ਵਚਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।

ਗਲ ਅਣਖ ਦੀ ਪੈ ਗਈ ਘੌਲੇ,
ਉਕੇ ਹਟੇ ਫਰਕਨੋਂ ਡੌਲੇ,
ਉੱਡ ਗਈ ਅੱਖਾਂ ਚੋਂ ਲਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।

ਆਨ ਵੜੀ ਸਰਮਾਇਆ ਦਾਰੀ,
ਛਡ ਖਲੋਤੀ ਰੂਹ ਖੁਦ-ਦਾਰੀ,
ਕਿੱਲੀ ਤੇ ਕਿਰਪਾਨ ਜੰਗਾਲੀ।
ਤਦੋਂ ਦੇਸ਼ ਚੋਂ ਗਈ ਖੁਸ਼ਹਾਲੀ।

~~~~

੫੩.