ਪੰਨਾ:ਅਰਸ਼ੀ ਝਲਕਾਂ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੁਲ ਫੁਲ ਕੇ ਬਹੇਂ ਤੂੰ ਏਸ ਗਲ ਤੇ,
ਢੀਂਗ ਅਪਣਾ ਅਤੇ ਫਲਾਨ ਅਪਣਾ।
ਸੂਈ ਤੀਕ ਜਿਥੋਂ ਚੁੱਕ ਸੱਕਨੀ ਨਹੀਂ,
ਗੱਲਾਂ ਨਾਲ ਕਰ ਲਿਆ ਜਹਾਨ ਅਪਣਾ।

ਮਰਦੇ ਵੇਖ ਕੇ ਰੋਜ਼ ਨਾ ਹੋਇ ਨਿਹਚਾ,
ਅੰਤ ਜੱਗ ਉਤੋਂ ਜਾਣਾ ਸੱਖਨਾ ਏਂ।
ਤੈਨੂੰ ਮਾਨ ਬਹੁਤਾ ਜਿਸ ਪ੍ਰਵਾਰ ਉਤੇ,
ਓਹਨਾਂ ਮੋਏ ਨੂੰ ਘੜੀ ਨਾ ਰੱਖਨਾ ਏਂ।

ਝੱਖੜ ਝੁਲਿਆਂ ਰੇਤ ਦੀ ਕੰਧ ਵਾਗੂੰ,
ਤੇਰੇ ਏਸ ਹੰਕਾਰ ਨੇ ਢਹਿ ਜਾਣਾ।
ਡੱਕਾ ਲਗਿਆ ਜਦੋਂ ਦਰਿਆ ਅੰਦਰ,
ਪਾਣੀ ਆਪ ਹੀ ਨਹਿਰਾਂ ਦਾ ਲਹਿ ਜਾਣਾ।
ਵੇਲਾ ਬੀਤਿਆ ਤੇ ਪਛੋਤਾਨ ਕਿਸ ਕੰਮ,
ਸਮੇਂ ਵਾਂਗ ਤੂਫਾਨ ਦੇ ਵਹਿ ਜਾਣਾ।
ਜਿਸਮ ਆਪਣਾ ਨਾਲ ਨਹੀਂ ਜਾ ਸਕਨਾ,
ਸਭੋ ਕੁਝ ਜਹਾਨ ਤੇ ਰਹਿ ਜਾਣਾ।

ਲੰਘ ਵੇਖ ਕਿਧਰੇ ਕਬਰਸਤਾਨ ਵਲੋਂ,
ਕਦੇ ਜਿਸ ਉਤੇ ਤਾਜ ਸੱਜਦੇ ਨੇ।
ਓਸ ਖੋਪਰੀ ਦੀ ਪੁਛਦਾ ਵਾਤ ਕੋਈ ਨਹੀਂ,
ਠੂੰਗੇ ਪਏ ਜਨੌਰਾਂ ਦੇ ਵੱਜਦੇ ਨੇ।


੯੨.