ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਵਿੱਚ ਸਹੀ ਚੋਣ ਹੋ ਜਾਣ ਉਪਰੰਤ ਅਮਲ (Actions) ਕਰਨਾ ਬੰਦੇ ਦਾ ਫ਼ਰਜ਼ ਹੈ। ਮਾਰਗ ਦਰਸ਼ਕ ਜੋ ਰਾਹ ਦੱਸਦਾ ਹੈ, ਉਸ ਉਪਰ ਟੁਰਨ ਵਿੱਚ ਹੀ ਵਿਅਕਤੀ ਦਾ ਭਲਾ ਹੈ। ਸੰਸਾਰਿਕ ਰੰਗ ਰਲੀਆਂ ਦੇ ਪਾਸਿਉਂ ਹਟਕੇ, ਸੱਚ ਵਾਲੇ ਪਾਸੇ ਲੱਗਣ ਦੀ ਲੋੜ ਹੈ। ਇਉਂ ਇਹ ਬੰਦੇ ਦੇ ਵੱਸ ਹੈ ਕਿ ਉਸਨੇ ਆਪਣੇ ਅਸਤਿਤਵ ਨੂੰ ਅਰਥ ਦੇਣੇ ਹਨ ਜਾਂ ਨਿਰਰਥਕ ਬਣਾਉਣਾ ਹੈ। ਦੁਨੀਆਂ ਵਿੱਚ ਕੀਤੇ ਸ਼ੁਭ ਅਮਲਾਂ ਨਾਲ ਹੀ ਉਸਦਾ ਜੀਵਨ ਸਾਰਥਕ ਹੋ ਸਕਦਾ ਹੈ।

ਫ਼ਰੀਦ ਬਾਣੀ ਇਸ ਨੁਕਤੇ ਤੇ ਜ਼ੋਰ ਦਿੰਦੀ ਹੈ ਕਿ ਖ਼ੁਦਾ ਜੋ ਕਿ ਅਪਾਰ, ਅਸੀਮ (Infinite), ਅਗੰਮ, ਬੇਅੰਤ ਹੈ ਉਸਦੇ ਮੁਕਾਬਲੇ ਬੰਦੇ ਦੀ ਹੋਂਦ ਸੀਮਾਬੱਧ ਹੈ। ਸੰਸਾਰ ਵਿੱਚ ਮਨੁੱਖੀ ਜੀਵਨ ਸਥਿਰ ਨਹੀਂ ਹੈ। ਸੌ ਵਰ੍ਹੇ ਜੀਵਨ ਉਪਰੰਤ ਵੀ ਇਸ ਦੇਹੀ ਨੇ ਅਖੀਰ ਨੂੰ ‘ਖੇਹ' ਹੋ ਜਾਣਾ ਹੈ। ਇੱਥੋਂ ਤੱਕ ਕਿ ਦੇਹੀ ਦੇ ਵਿਭਿੰਨ ਅੰਗ ਵੀ ਸੀਮਾਬੱਧ (Finite) ਹਨ। ਦੰਦ, ਲੱਤਾਂ, ਅੱਖਾਂ, ਕੰਨ ਵੀ ਸਰੀਰ ਦਾ ਸਾਥ ਦੇਣੋਂ ਇੱਕ ਦਿਨ ਨਾਂਹ ਕਰ ਜਾਂਦੇ ਹਨ। ਮਨੁੱਖੀ ਜੀਵਨ ਨਦੀ ਕਿਨਾਰੇ ਖੜ੍ਹਾ ਇੱਕ ਰੁੱਖ ਹੈ ਜੋ ਕਿਸੇ ਦਿਨ ਵੀ ਡਿੱਗ ਸਕਦਾ ਹੈ। ਜਿਵੇਂ ਕੱਚੇ ਭਾਂਡੇ ਵਿੱਚ ਪਾਣੀ ਬਹੁਤੀ ਦੇਰ ਨਹੀਂ ਰੱਖਿਆ ਜਾ ਸਕਦਾ ਤਿਵੇਂ ਇਸ ਸਰੀਰ ਵਿੱਚ ਰੂਹ ਬਹੁਤੇ ਸਮੇਂ ਲਈ ਨਹੀਂ ਸੰਭਾਲੀ ਜਾ ਸਕਦੀ। ਇਸਨੂੰ ਕਦੇ ਵੀ ਅਚਿੰਤੇ ਬਾਜ਼ ਪੈ ਸਕਦੇ ਹਨ।

ਸੀਮਿਤਤਾ ਦੇ ਨਾਲ ਨਾਲ ਹੀ ਮੌਤ (Death) ਦੇ ਸੰਕਲਪ ਬਾਰੇ ਵੀ ਅਸਤਿਤਵਵਾਦੀ ਚਿੰਤਨ ਕਰਦੇ ਹਨ। ਹਾਈਡਿਗਰ ਦਾ ਵਿਚਾਰ ਹੈ ਕਿ ਹਰ ਬੰਦਾ ਆਪਣੀ ਮੌਤ ਮਰਦਾ ਹੈ। ਮੌਤ ਦੇ ਕਾਰਜ ਨੂੰ ਕਿਸੇ ਨਾਲ ਬਦਲਿਆ ਨਹੀਂ ਜਾ ਸਕਦਾ। ਕੁਦਰਤੀ ਮੌਤ ਬਾਰੇ ਅਜੇ ਤੱਕ ਵੀ ਸਰੀਰ ਵਿਗਿਆਨੀ ਅਤੇ ਜੀਵ ਵਿਗਿਆਨੀ ਵੀ ਨਹੀਂ ਦੱਸ ਸਕੇ ਕਿ ਪ੍ਰਾਣੀ ਬੁੱਢੇ ਕਿਉਂ ਹੋ ਜਾਂਦੇ ਹਨ ਅਤੇ ਮਰ ਕਿਉਂ ਜਾਂਦੇ ਹਨ ਪਰ ਸਾਡਾ ਸੰਬੰਧ ਇੱਥੇ ਮੌਤ ਦੇ ਅਸਤਿਤਵੀ ਤੱਥ ਨਾਲ ਹੈ। ਹਾਈਡਿਗਰ ਅਨੁਸਾਰ ਅਸੀਂ ਦੂਜਿਆਂ ਨੂੰ ਮਰਦੇ ਵੇਖਦੇ ਹਾਂ। ਮਰਨ ਵਾਲਾ ਹਰ ਬੰਦਾ ਅੱਜ ਤੱਕ ਆਪਣੀ ਮਰਨ ਦੀ ਪ੍ਰਕਿਰਿਆ ਨੂੰ ਬਿਆਨ ਕਰਨੋਂ ਅਸਮਰਥ ਰਿਹਾ ਹੈ। ਸ਼ੇਖ਼ ਫ਼ਰੀਦ ਮਰਨ ਦੀ ਕਿਰਿਆ ਨੂੰ ਇੰਜ ਰੂਪਮਾਨ ਕਰਦੇ ਹਨ।

ਜਿਤੁ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਇ।
ਮਲਕੁ ਜਿ ਕੰਨੀਂ ਸੁਣੀਂਦਾ ਮੁਹੁ ਦੇਖਾਲੇ ਆਇ।
ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ।
ਸਾਹੇ ਲਿਖੀ ਨ ਚਲਨੀ ਜਿੰਦੂ ਕੂ ਸਮਝਾਇ।
ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ।
ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ॥3 ੧॥

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 102