ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਨੁਸਾਰ ਅਸਤਿਤਵ ਮਾਇਆਵੀ ਆਕਰਸ਼ਕ ਵਸਤਾਂ ਜਿਵੇਂ ਸੋਨੇ ਦੇ ਪੌਂਡਾਂ, ਸਿੱਕਿਆਂ, ਅਸ਼ਰਫੀਆਂ ਦੁਆਰਾ ਨਿਰਧਾਰਤ ਨਹੀਂ ਕੀਤਾ ਜਾ ਸਕਦਾ (Existence is not a quidditative determination)' (Will Herberg: 1952:40) ਇਵੇਂ ਇੰਦਰਾਵੀ ਭੁੱਖਾਂ ਮਿਥਿਆ ਹੋਣ ਕਾਰਨ ਪ੍ਰਮਾਣਿਕ ਅਸਤਿਤਵ ਤੋਂ ਕੋਹਾਂ ਦੂਰ ਰਹਿੰਦੀਆਂ ਹਨ।

ਇੰਜ ਹੀ ਬੰਦੇ ਪਾਸ ਭਾਵੇਂ ਕਿੰਨੀ ਵੀ ਸਿਆਣਪ ਹੋਵੇ ਪਰ ਹਸਤੀ (Existence) ਦੀ ਸਮਝ ਸਮੇਂ ਬੁੱਧੀ ਅਨੇਕਾਂ ਵਾਰ ਬੇਵਸ ਹੋ ਜਾਂਦੀ ਹੈ। ਅਲਬਰਟ ਆਈਨਸਟਾਈਨ ਨੇ ਠੀਕ ਹੀ ਕਿਹਾ ਹੈ, "... How utterly inadequate that intelligence is when confronted with what exists.' (Oxford Q&p, VIII, 2006; 147)

ਇਸ ਬਾਣੀ ਅਨੁਸਾਰ ਮਨੁੱਖੀ ਜੀਵਨ ਦਾ ਉਦੇਸ਼ ਸਚਿਆਰਾ ਬਣਨਾ ਹੈ: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥

ਅਰਥਾਤ ਮਨੁੱਖ ਨੇ ਆਪਣੇ ਅਸਤਿਤਵ ਨੂੰ ਪ੍ਰਮਾਣਿਕ (Authentic) ਕਿਵੇਂ ਬਣਾਉਂਣਾ ਹੈ। ਇਸਦਾ ਹੱਲ ਵੀ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਆਪਣੀ ਨਾਲ ਲਗਦੀ ਪੰਕਤੀ ਵਿੱਚ ਹੀ ਦੇ ਦਿੱਤਾ ਹੈ:

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।

ਅਰਥਾਤ ਰੱਬੀ ਹੁਕਮ ਅਨੁਸਾਰ ਚੱਲਕੇ ਬੰਦਾ ਆਪਣੀ ਸੰਸਾਰਿਕ ਹੋਂਦ ਨੂੰ ਪ੍ਰਮਾਣਿਕ ਬਣਾ ਸਕਦਾ ਹੈ।

ਜਪੁਜੀ ਅਨੁਸਾਰ ਬੰਦਾ ਜਿਸ ਸੰਸਾਰ ਵਿੱਚ ਹੈ ਉਸਦਾ ਸਾਰਾ ਪਾਸਾਰ ਰੱਬੀ ਹੁਕਮ ਅਨੁਸਾਰ ਹੋਇਆ ਹੈ। ਸਭ 'ਆਕਾਰ’ ਅਤੇ ‘ਜੀਵ' ਉਸਨੇ ਹੀ ਪੈਦਾ ਕੀਤੇ ਹਨ। ਇਨ੍ਹਾਂ ਜੀਵਾਂ ਵਿੱਚ ਚੰਗੇ ਅਤੇ ਮਾੜੇ ਸਭ ਜੀਵ ਸ਼ਾਮਲ ਹਨ। ਉਸਦੇ ਹੁਕਮ ਨਾਲ ਹੀ ਬੰਦੇ ਦੁੱਖ-ਸੁੱਖ ਪਾਉਂਦੇ ਹਨ। ਉਸਦੇ ਹੁਕਮ ਤੋਂ ਬਾਹਰ ਪੱਤਾ ਵੀ ਨਹੀਂ ਹਿਲਦਾ। ਜਪੁਜੀ ਅਨੁਸਾਰ ਇਹੋ ਇਸ ਸੰਸਾਰ ਦੀ ਤਥਾਤਮਕਤਾ (Facticity) ਹੈ।

ਇਸ ਲਈ ਬੰਦੇ ਨੇ ਰੱਬੀ ਹੁਕਮ ਦੇ ਸੰਕਲਪ ਨੂੰ ਸਮਝਣਾ ਹੈ। ਇਹ ਐਵੇਂ ਨਹੀਂ ਬੁਝਿਆ ਜਾ ਸਕਦਾ। ਇਸਦੇ ਬੁੱਝਣ ਲਈ ਬੰਦੇ ਨੂੰ ਉਸਦੇ 'ਨਾਮ' ਨਾਲ ਜੁੜਨਾ ਪੈਣਾ ਹੈ। 'ਨਾਮ' ਅਤੇ 'ਸ਼ਬਦ' ਸਮਾਨਾਰਥੀ ਪ੍ਰਤੀਤ ਹੁੰਦੇ ਹਨ। ‘ਸ਼ਬਦ' ਨਾਲ ਜੁੜਨਾ ਹੀ ਨਾਮ ਸਿਮਰਨ ਹੈ। ਸ਼ਬਦ ਨਾਲ ਜੁੜਕੇ ਵਿਅਕਤੀ ਨੂੰ ਆਪਣੀ ਹੋਂਦ ਦੀ ਸਮਝ ਪੈਂਦੀ ਹੈ। ਉਸ ਵਿੱਚ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ। ਧਾਰਮਿਕ ਅਸਤਿਤਵਵਾਦੀਆਂ ਦਾ ਵਿਚਾਰ ਹੈ- ਵਿਸ਼ਵਾਸ ਸ਼ਬਦ ਨੂੰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 109