ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਵੰਦਾਤਮਕਤਾ ਵਿੱਚ ਅਲਿਫਵਾਂਪਣ ਆ ਗਿਆ ਤਾਂ ਇਸਦਾ ਇਲਾਜ ਹੈ ਕਿ ਦਵੰਦਾਤਮਕਤਾ ਬਾਰੇ ਤਾਰਕਿਕਤਾ ਨਾਲ ਪੁਨਰ-ਵਿਚਾਰ ਕੀਤਾ ਜਾਵੇ ਪਰ ਤਾਰਕਿਕਤਾ ਸਹਿਤ ਚਿੰਤਨ ਕਰਦਿਆਂ ਇਸ ਵਿੱਚ ਵਿਅਕਤੀ ਦੀ ਆਤਮਪਰਕਤਾ ਨੂੰ ਸ਼ਾਮਲ ਕਰਨਾ ਬਣਦਾ ਹੈ। 1968 ਈ: ਵਿੱਚ ਰੂਸ ਦੇ ਚੈਕੋਸਲਵਾਕੀਆ ਉੱਪਰ ਹਮਲੇ ਨਾਲ ਸਾਰਤਰ ਨਿਰਾਸ਼ਾ ਵਿੱਚ ਡੁੱਬ ਗਿਆ ਸੀ। ਸਾਰਤਰ ਅਲਿਫਵੇਂ ਮਾਰਕਸਵਾਦ ਨਾਲ ਸਹਿਮਤ ਨਹੀਂ ਸੀ। ਸਾਰਤਰ ਦੀ ਯਾਤਰਾ ‘ਮੈਂ’ ਦੀ ‘ਮੈਂ' ਵਾਲੀ ਸੰਭਾਵਨਾ ਤੋਂ 'ਅਸੀਂ’ ਦੀ ਸੰਭਾਵਨਾ ਤੱਕ ਅਪੜਦੀ ਹੈ।

ਸਾਰਤਰ ਖ਼ੁਦ ਸਾਹਿਤਕਾਰ ਸੀ। ਉਸਨੇ ਆਪਣੇ ਸਿਧਾਂਤ ਨੂੰ ਸਿੱਧ ਕਰਦੇ ਹੋਏ ਨਾਟਕ ਤੇ ਨਾਵਲ ਲਿਖੇ। ਕੀਰਕੇਗਾਰਦ ਤੋਂ ਲੈ ਕੇ ਸਾਰਤਰ ਤੱਕ ਅਸਤਿਤਵਵਾਦੀਆਂ ਦਾ ਅਧਿਐਨ ਕਰਦਿਆਂ ਮੈਂ ਅਨੇਕ ਪ੍ਰਕਾਰ ਦੀਆਂ ਸਾਹਿਤ ਅਧਿਐਨ ਵਿਧੀਆਂ ਅਤੇ ਆਲੋਚਨਾ ਪ੍ਰਣਾਲੀਆਂ ਦੀਆਂ ਪੁਸਤਕਾਂ ਵਾਚੀਆਂ, ਮੈਨੂੰ ਕਿਧਰੇ ਵੀ ਅਸਤਿਤਵਵਾਦੀ ਆਲੋਚਨਾ-ਪ੍ਰਣਾਲੀ ਨਜ਼ਰੀਂ ਨਹੀਂ ਪਈ। ਅਸਤਿਤਵਵਾਦੀ ਸਰੋਕਾਰਾਂ ਨਾਲ ਨਜਿੱਠਦੇ ਕੁੱਝ ਖੋਜ ਕਾਰਜ ਅਵੱਸ਼ ਨਜ਼ਰੀਂ ਪਏ ਹਨ। ਮੈਨੂੰ ਮਹਿਸੂਸ ਹੋਇਆ ਕਿ ਅਸਤਿਤਵਵਾਦੀ ਆਲੋਚਨਾ ਪ੍ਰਣਾਲੀ ਵੀ ਵਿਕਸਿਤ ਕੀਤੀ ਜਾ ਸਕਦੀ ਹੈ। ਇਸੇ ਲਗਨ ਨਾਲ ਮੈਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵੱਲ ਰੁਚਿਤ ਹੋਇਆ ਹਾਂ।

ਇਹ ਕਾਰਜ ਆਰੰਭ ਕਰਦਿਆਂ ਮੇਰੇ ਸਾਹਵੇਂ ਵੱਡੀ ਮੁਸ਼ਕਲ ਇਹ ਸੀ ਕਿ ਅਸਤਿਤਵਵਾਦੀ ਆਸਤਿਕ ਵੀ ਹਨ ਅਤੇ ਨਾਸਤਿਕ ਵੀ। ਇਸ ਮਸਲੇ ਦਾ ਹੱਲ ਇਉਂ ਲੱਭਾ ਕਿ ਸਾਡੇ ਪਾਸ ਧਾਰਮਿਕ ਸਾਹਿਤ ਵੀ ਹੈ ਅਤੇ ਦੁਨਿਆਵੀ ਸਾਹਿਤ ਵੀ। ਇਕੋ ਕਿਸਮ ਦੇ ਸਾਹਿਤ ਵਿੱਚ ਕਈ ਵਾਰੀ ਇਹ ਦੋਵੇਂ ਤੱਤ ਉਪਲਬਧ ਹੋ ਜਾਂਦੇ ਹਨ। ਦੁਨਿਆਵੀ ਬੰਦਾ ਅਨੇਕਾਂ ਵਾਰੀ ਅਧਿਆਤਮਕ ਹੋ ਨਿਬੜਦਾ ਹੈ। ਧਾਰਮਿਕ ਬੰਦੇ ਦੁਨਿਆਵੀ ਉਦਾਹਰਨਾਂ ਰਾਹੀਂ ਹੀ ਬੰਦੇ ਨੂੰ ਰੱਬ ਵੱਲ ਲਾਉਂਦੇ ਹਨ। ਇਉਂ ਸਾਡਾ ਸਾਹਿਤ ਅਨੇਕਾਂ ਵਾਰ 'ਲੋਕ ਸੁਖੀਏ ਪਰਲੋਕ ਸਹੇਲੇ' ਦੇ ਮਹਾਂਵਾਕ ਅਨੁਸਾਰ ਚਲਦਾ ਅਨੁਭਵ ਹੋਣ ਲੱਗ ਪੈਂਦਾ ਹੈ। ਪਰ ਅਸਤਿਤਵਵਾਦੀ ਅਧਿਐਨ ਵਿੱਚ ਆਸਤਿਕ ਅਤੇ ਨਾਸਤਿਕ (ਜਾਂ ਕਹੋ ਦੁਨਿਆਵੀ) ਸਾਹਿਤ ਦੋਵਾਂ ਦਾ ਆਧਾਰ ਤਾਂ ਸਾਂਝਾ ਹੈ: ਅਸਤਿਤਵ ਸਾਰ ਤੋਂ ਪਹਿਲਾਂ ਹੈ। (Existence precedes essence).

ਦਰਅਸਲ ਅਸਤਿਤਵਵਾਦ ਦਾ ਜਨਮ ਅਤੇ ਵਿਕਾਸ ਪੱਛਮ ਵਿੱਚ ਹੀ ਹੋਣ ਕਾਰਨ ਇਸਦੀਆਂ ਤਕਨੀਕੀ ਟਰਮਾਂ ਅਤੇ ਸੰਕਲਪਾਂ ਦੀ ਸਮਝ ਵਿਚ ਆਮ ਪਾਠਕਾਂ ਨੂੰ ਕਠਿਨਾਈ ਪੇਸ਼ ਆ ਸਕਦੀ ਹੈ। ਇਸ ਲਈ ਇਨ੍ਹਾਂ ਦੀ ਸਹੀ ਸਮਝ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ)/11