ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਧਿਆਇ ਛੇਵਾਂ

ਹੀਰ ਵਾਰਿਸ

ਹੀਰ ਵਾਰਿਸ ਦਾ ਅਸਤਿਤਵਵਾਦੀ ਅਧਿਐਨ ਕਰਦਿਆਂ ਸਭ ਤੋਂ ਪਹਿਲਾਂ ਸਾਨੂੰ ਤਿੰਨ ਪਰਿਵਾਰਾਂ ਦੀ ‘ਤਥਾਤਮਕਤਾ' ਦਾ ਅਧਿਐਨ ਕਰਨਾ ਪੈਣਾ ਹੈ। ਇਹ ਤਿੰਨ ਪਰਿਵਾਰ ਹਨ- ਤਖ਼ਤ ਹਜ਼ਾਰੇ ਦੇ ਮੌਜੂ ਚੌਧਰੀ ਦਾ ਪਰਿਵਾਰ; ਝੰਗ-ਸਿਆਲ ਦੇ ਚੌਧਰੀ ਚੂਚਕ ਦਾ ਪਰਿਵਾਰ; ਅਤੇ ਰੰਗਪੁਰ ਖੇੜਿਆਂ ਦੇ ਚੌਧਰੀ ਅੱਜੂ ਦਾ ਪਰਿਵਾਰ। ਮੌਜੂ ਚੌਧਰੀ ਆਪਣੇ ਨਗਰ ਦਾ ਬੜਾ ਪਤਵੰਤਾ ਸੱਜਣ ਹੈ ਜਿਸਦੇ ਅੱਠ ਪੁੱਤਰ ਅਤੇ ਦੋ ਬੇਟੀਆਂ ਹਨ ਪਰ ਉਸਦਾ ਸਭ ਤੋਂ ਵੱਧ ਪਿਆਰ ਰਾਂਝਾ (ਧੀਦੋ) ਨਾਲ ਹੈ। ਉਸਦੀ ਮੌਤ ਉਪਰੰਤ ਰਾਂਝੇ ਦੇ ਭਰਾਵਾਂ ਨੇ ਉਸ ਨਾਲ ਵਿਤਕਰਾ ਕਰਦੇ ਹੋਏ, ਪਟਵਾਰੀ ਨੂੰ ਵੱਢੀ ਦੇ ਕੇ ਚੰਗੀ ਜ਼ਮੀਨ ਆਪ ਸੰਭਾਲ ਲਈ ਅਤੇ ਰਾਂਝੇ ਦੇ ਹਿੱਸੇ ਰੱਕੜ ਭੋਇੰ ਆ ਗਈ ਜਿਸਨੂੰ ਵਾਹੁਣਾ ਅਤੇ ਉਸ ਵਿੱਚ ਖੇਤੀ ਕਰਨੀ ਉਸ ਲਈ ਮੁਸ਼ਕਲ ਕੰਮ ਬਣ ਗਿਆ ਕਿਉਂਜੋ ਉਸਦਾ ਸਰੀਰ ਬੜਾ ਸੁਹਲ ਹੈ। ਉਹ ਸ਼ੁਕੀਨੀ ਵਿੱਚ ਰਹਿੰਦਾ ਹੈ। ਭਾਬੀਆਂ ਉਸਦੀ ਸ਼ੁਕੀਨੀ ’ਤੇ ਵੀ ਕਿੰਤੂ-ਪ੍ਰੰਤੂ ਕਰਦੀਆਂ ਰਹਿੰਦੀਆਂ ਹਨ। ਉਹ ਉਸਨੂੰ ਹੀਰ-ਸਿਆਲ ਨਾਲ ਜੀਵਨ-ਸਾਂਝ ਪਾਉਣ ਦੇ ਤਾਹਨੇ-ਮਿਹਣੇ ਮਾਰਦੀਆਂ ਰਹਿੰਦੀਆਂ ਹਨ। ਹੁਣ ਉਸਦੇ ਅਸਤਿਤਵ ਸਾਹਵੇਂ ਵੱਡਾ ਪ੍ਰਸ਼ਨ ਖੜਾ ਹੋ ਗਿਆ। ਖੇਤੀ ਕਰੇ ਜਾਂ ਇਸ਼ਕ। ਉਸਨੇ ਇਸ਼ਕ ਦੀ ਖੇਤਰ ਦੀ ਸੁਤੰਤਰ ਚੋਣ ਕਰ ਲਈ।

ਝੰਗ ਸਿਆਲ ਦਾ ਪਰਿਵਾਰਿਕ ਮੁਖੀ ਚੂਚਕ ਹੈ। ਬੜਾ ਅਮੀਰ ਪਰਿਵਾਰ ਹੈ। ਉਸਦਾ ਭਰਾ ਕੈਦੋਂ ਹੈ ਜੋ ਕਿ ਲੰਝਾ ਹੈ ਪਰ ਉਹ ਪਿੰਡ ਦੀਆਂ ਕੁੜੀਆਂ ਦੇ ਆਚਰਨ ਤੇ ਹਮੇਸ਼ਾ ਸ਼ੱਕੀ ਨਜ਼ਰ ਰੱਖਦਾ ਹੈ। ਇਹ ਪਰਿਵਾਰ ਰਾਂਝਿਆਂ ਨਾਲੋਂ ਆਪਣੇ ਆਪ ਨੂੰ ਉੱਚਾ ਸਮਝਦਾ ਹੈ। ਇੱਥੋਂ ਦੇ ਕਾਜ਼ੀ ਲਾਲਚ-ਵਸ ਕਿਸੇ ਦਾ ਹੱਕ ਵੀ ਮਾਰ ਸਕਦੇ ਹਨ। ਸਮਾਜਿਕ ਫ਼ੈਸਲੇ ਪਿੰਡ ਦੀ ਪੰਚਾਇਤ ਵਿੱਚ ਕੀਤੇ ਜਾਂਦੇ ਹਨ। ਪਿੰਡ ਵਿੱਚ ਹਜ਼ਾਰਾਂ ਮੱਝਾਂ ਹਨ। ਉਨ੍ਹਾਂ ਨੂੰ ਚਾਰਨ ਲਈ ਵੱਡੀਆਂ ਚਰਾਗਾਹਾਂ ਹਨ ਅਰਥਾਤ ਬੇਲੇ ਹਨ।

ਤੀਜਾ ਪਰਿਵਾਰ ਚੌਧਰੀ ਅੰਜੂ ਦਾ ਰੰਗਪੁਰ ਖੇੜਿਆਂ ਦਾ ਹੈ ਬੜਾ ਸੁਹਾਵਣਾ ਪਿੰਡ ਹੈ। ਮੁਟਿਆਰਾਂ ਤ੍ਰਿੰਜਣ ਪਾਉਂਦੀਆਂ ਹਨ। ਕਪਾਹ ਚੁਣਦੀਆਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 115