ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਛਾਣ ਜਾਂਦਾ ਹੈ ਪਰ ਉਸਨੂੰ ਵੀ ਉਹ 'ਹਮੀਂ ਲੰਕ-ਬਾਸੀ ਚੇਲੇ ਅਗਸਤ ਮੁਨਿ' ਆਦਿ ਕਹਿਕੇ ਆਪਣੀ ਪਛਾਣ ਲੁਕਾਉਣ ਦਾ ਜਤਨ ਕਰਦਾ ਹੈ ਪਰ ਅਯਾਲੀ ਤਾਂ ਧੋਖੇ ਵਿੱਚ ਨਹੀਂ ਆਉਂਦਾ ਅਤੇ ਸਪਸ਼ਟ ਰੂਪ ਵਿੱਚ ਰਾਂਝੇ ਨੂੰ ਗਤੀਹੀਣ ਅਤੇ ਅਸਤਿਤਵਹੀਣ ਕਹਿੰਦਾ ਹੈ:

ਤੇਰੇ ਬੈਠਿਆਂ ਵਿਆਹ ਲੈ ਗਏ ਖੇੜੇ,
ਦਾੜ੍ਹੀ ਪਰ੍ਹੇ ਦੇ ਵਿੱਚ ਮੁਨਾ ਬੈਠੋਂ।
ਮੰਗ ਛੱਡੀਏ ਨਹੀਂ ਜੇ ਜਾਨ ਹੋਵੇ,
ਜਿਉਂਦੇ ਜੀ ਤੂੰ ਛੱਡ ਹਯਾ ਬੈਠੋਂ
ਇਕ ਅਮਲ ਨਾ ਕੀਤਾ ਈ ਗਾਫ਼ਲਾ ਓ,
ਐਵੇਂ ਕੀਮੀਆ ਉਮਰ ਵੰਵਾ ਬੈਠੋਂ।

[1]

ਰਾਂਝੇ ਨੇ ਆਪਣੇ ਆਪ ਨੂੰ ਨਾਥ-ਜੋਗੀ ਸਿੱਧ ਕਰਨ ਵਜੋਂ ਜੋ ਭਾਸ਼ਾ ਵਰਤੀ ਹੈ, ਘਟਨਾ ਕਿਰਿਆ ਵਿਗਿਆਨ ਅਨੁਸਾਰ, ਪਾਠਕ ਨੂੰ ਇੱਥੇ ਉਸ ਬਾਰੇ ਬਣੀ ਪੂਰਵ-ਧਾਰਨਾ ‘ਅਪੋਕ’ ਅਰਥਾਤ ਬਰੈਕਟ ਮਾਰਨੀ ਪਈ ਸੀ ਪਰ ਅਯਾਲੀ ਨੇ ਉਸਦਾ ਪਰਦਾ ਫਾਸ ਕਰ ਦਿੱਤਾ। ਪਰ ਉਹ ਅਯਾਲੀ ਪਾਸੋਂ ਕਿਸੇ ਪਾਸ ਭੇਤ ਨਾ ਖੋਲ੍ਹਣ ਦਾ ਵਿਸ਼ਵਾਸ ਪ੍ਰਾਪਤ ਕਰਦਾ ਹੈ। ਸਾਰਤਰ ਅਨੁਸਾਰ ਅਸਤਿਤਵ ਦਾ ਅਧਿਐਨ ਕਰਨ ਲਈ ਇੱਕੋ ਇੱਕ ਵਿਧੀ ਹੈ- ਘਟਨਾ ਕਿਰਿਆ ਵਿਗਿਆਨ (Phenomenology) ਅਤੇ ਇਸ ਵਿਗਿਆਨ ਅਨੁਸਾਰ ਕਾਰਜ ਵਿੱਚ ਰੁੱਝੇ (Man in action) ਦਾ ਅਧਿਐਨ ਕੀਤਾ ਜਾਂਦਾ ਹੈ। ਰਾਂਝਾ ਅਯਾਲੀ ਤੋਂ ਭੇਦ ਗੁਪਤ ਰੱਖਣ ਦੀ ਕਸਮ ਖੁਆਕੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਗਤੀਸ਼ੀਲ ਹੋ ਜਾਂਦਾ ਹੈ। ਪਾਣੀ ਭਰਦੀਆਂ ਕੁੜੀਆਂ ਤੋਂ ਪਿੰਡ ਦਾ ਨਾਮ ਪੁੱਛਦਾ ਹੈ। ਰੰਗਪੁਰ ਸੁਣਕੇ ਹੱਸਦਾ ਹੈ। ਕਦੇ ਰੋਂਦਾ ਹੈ। ਝੱਲ-ਮਸਤਾਨੀਆਂ ਗੱਲਾਂ ਕਰਦਾ ਹੈ, ਸੰਗਲੀ ਸੁੱਟਕੇ ਸ਼ਗਨ ਵਾਚਦਾ ਹੈ, ਖੜ੍ਹੋਕੇ ਕਿੰਗ ਵਜਾਉਂਦਾ ਹੈ, ਅੱਠੇ ਪਹਿਰ ਅੱਲਾ ਨੂੰ ਯਾਦ ਕਰਦਾ ਹੈ। ਸਹਿਤੀ ਘਰੇ ਆ ਕੇ ਜੋਗੀ ਦੀ ਸੁੰਦਰਤਾ ਬਾਰੇ ਗੱਲ ਕਰਦੀ ਹੈ। ਹੀਰ ਉੱਪਰ ਇਸਦਾ ਅਸਰ ਹੁੰਦਾ ਹੈ। ਇੱਥੇ ਮੁੜ ਰਾਂਝਾ ਆਪਣੀ ਪਛਾਣ ਜੋਗੀਆਂ ਵਾਲੀ ਸ਼ਬਦਾਵਲੀ ਵਿੱਚ ਕਰਦਾ ਹੈ। ਪਾਠਕ ਅਤੇ ਸ਼੍ਰੋਤਿਆਂ ਨੂੰ ਉਸ ਸੰਬੰਧੀ ਪੂਰਵ-ਧਾਰਨਾ ਤੇ ‘ਬਰੈਕਟ' ਮਾਰਨੀ ਪੈਂਦੀ ਹੈ:

ਹਮੀਂ ਬਡੇ ਫੱਕਰ ਸੰਤ-ਪੀੜ੍ਹੀਏ ਹਾਂ,
ਰਸਮ ਜੱਗ ਕੀ ਹਮੀਂ ਨਾ ਜਾਣਦੇ ਹਾਂ
ਕੰਦ ਮੂਲ ਉਜਾੜ ਵਿੱਚ ਖਾਇ ਕੇ ਤੇ,
ਬਨਵਾਸ ਲੈ ਕੇ ਮੌਜਾਂ ਮਾਣਦੇ ਹਾਂ।[2]
ਪਰ ਕੁੜੀਆਂ ਉਸਦੀ ‘ਬਰੈਕਟਿੰਗ’ ਨੂੰ ਖੋਲ੍ਹ ਦਿੰਦੀਆਂ ਹਨ:

ਅਸਤਿਤਵਵਾਦੀ ਆਲੋਚਨਾ ਸਿਧਾਂਤ ਅਤੇ ਵਿਹਾਰ) / 121

  1. ਉਹੀ, ਪੰ. 103
  2. ਉਹੀ, ਪੰ. 110