ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕੱਢ ਦਿੰਦੀਆਂ ਮਿੰਨਤਾਂ ਘਾਲਿਆ ਵੋ।
ਤੇਰੇ ਚਲਿਆ ਹੁੰਦੀ ਹੈ ਹੀਰ ਚੰਗੀ,
ਦੋਹੀ ਰੱਬ ਦੀ, ਮੁੰਦਰਾਂ ਵਾਲਿਆ ਵੋ।

[1]

ਹੁਣ ਰਾਂਝੇ ਦੇ ਮਨ ਵਿੱਚ ਸੁਆਲ ਹੈ ਕਿ ਹੀਰ ਦੇ ਸੈਦੇ ਨਾਲ ਸੰਬੰਧਾਂ ਦੀ ਪਰਖ ਕੀਤੀ ਜਾਵੇ। ਇਸ ਲਈ ਉਹ ਕਹਿੰਦਾ ਹੈ ਕਿ ਮੇਰਾ ਇਲਮ ਵਿਆਹੀਆਂ ਔਰਤਾਂ ਲਈ ਕਾਰਗਰ ਸਾਬਤ ਨਹੀਂ ਹੁੰਦਾ। ਇਸ ਲਈ ਮੇਰਾ ਤੇਰੇ ਨਾਲ ਜਾਣ ਦਾ ਕੋਈ ਲਾਭ ਨਹੀਂ ਹੋਵੇਗਾ। ਪਰ ਸੈਦਾ ਉਸਨੂੰ ਸਹੀ ਗੱਲ ਦੱਸਦਾ ਹੈ:

• ਜੇ ਮੈਂ ਹੱਥ ਲਾਵਾਂ ਸਿਰੋਂ ਲਾਹ ਲੈਂਦੀ,
  ਚਾਇ ਘੱਤਦੀ ਚੀਕ ਚਿਹਾਰੜੀ ਵੇ।
  ਹੱਥ ਲਾਵਣਾ ਪਲੰਘ ਨੂੰ ਮਿਲੇ ਨਾਹੀਂ,
  ਖੌਫ਼ ਖ਼ਤਰਿਉਂ ਰਹੇ ਨਿਆਰੜੀ ਵੋ।[2]

ਜੁੱਤੀ ਸਮੇਤ ਰਾਂਝੇ ਦੇ ਚੌਕੇ ਤੇ ਚੜ੍ਹਨ ਕਾਰਨ ਸੈਦਾ ਫਾਹੁੜੀਆਂ ਨਾਲ ਕੁੱਟਿਆ ਜਾਂਦਾ ਹੈ। ਸੈਦਾ ਕੁੱਟ ਖਾ ਕੇ ਰੋਂਦਾ ਕੁਰਲਾਉਂਦਾ ਘਰ ਚਲਿਆ ਜਾਂਦਾ ਹੈ। ਸਹਿਤੀ ਇਸ ਘਟਨਾ ਨੂੰ ਸੈਦੇ ਦਾ ਹੰਕਾਰ ਸਮਝਦੀ ਹੈ ਅਤੇ ਆਪਣੇ ਬਾਪ ਨੂੰ ਰਾਂਝੇ ਪਾਸ ਭੇਜਦੀ ਹੈ। ਅੱਜੂ ਵੀ ਰਾਂਝੇ ਦੀਆਂ ਮਿੰਨਤਾਂ ਕਰਦਾ ਹੈ ਕਿ ਉਹ ਘਰ ਜਾ ਕੇ ਉਸਦੀ ਬਿਮਾਰ ਨੂੰਹ ਨੂੰ ਤੰਦਰੁਸਤ ਕਰ ਦੇਵੇ। ਰਾਂਝਾ ਖੇੜਿਆਂ ਦੇ ਘਰ ਚਲਿਆ ਜਾਂਦਾ ਹੈ। ਸਾਰਾ ਪ੍ਰਬੰਧ ਸਹਿਤੀ ਦੇ ਹੱਥ ਵਿੱਚ ਹੈ। ਹੀਰ ਨੂੰ ਪਿੰਡ ਤੋਂ ਬਾਹਰ ਡੂਮਾਂ ਦੀ ਕੋਠੜੀ ਲਿਜਾਇਆ ਜਾਂਦਾ ਹੈ ਤਾਂ ਕਿ ਇਲਾਜ ਕਰਦੇ ਸਮੇਂ ਕਿਸੇ ਮਰਦ ਔਰਤ ਦਾ ਪਰਛਾਵਾਂ ਨਾ ਪਵੇ। ਕੇਵਲ ਕੁਆਰੀ ਕੁੜੀ ਸਹਿਤੀ ਨੂੰ ਹੀ ਉਨ੍ਹਾਂ ਪਾਸ ਰਹਿਣ ਦੀ ਆਗਿਆ ਹੈ। ਰਾਂਝਾ ਪੰਜਾਂ ਪੀਰਾਂ ਪਾਸੋਂ ਸਹਿਤੀ ਲਈ ਮੁਰਾਦ ਦੀ ਮੰਗ ਕਰਦਾ ਹੈ। ਅਸੀਂ ਵੇਖਦੇ ਹਾਂ ਕਿ ਇਸ ਕਿੱਸੇ ਵਿੱਚ ਪੀਰਾਂ ਦੀ ਮਿੱਥ ਦਾ ਵਾਰ ਵਾਰ ਪ੍ਰਯੋਗ ਹੋਇਆ ਹੈ ਪਰ ਮਿੱਥ ਹੈ ਕੀ?

"The mythical is defined by Bultmann as a way of thinking in which other worldly and divine are represented as this worldly and human."[3]

(ਪਰ ਮਿੱਥ ਦੀ ਇਸ ਪਰਿਭਾਸ਼ਾ ਦੇ ਉਲਟ ਪ੍ਰੋ: ਹੈਂਡਰਸਨ ਦੱਸਦੇ ਹਨ ਕਿ ਮਿੱਥ ਸੈਕੁਲਰ ਵੀ ਹੁੰਦੇ ਹਨ ਜਿਵੇਂ ਨਾਜ਼ੀ ਮਿੱਥ ‘ਜੇਤੁ-ਕੌਮ' ਅਤੇ ਮਾਰਕਸੀ ਮਿੱਥ ‘ਸ਼੍ਰੇਣੀ-ਰਹਿਤ ਸਵਰਗ' ਆਦਿ ਅਤੇ ਇਨ੍ਹਾਂ ਮਿੱਥਾਂ ਵਿੱਚ ਰੱਬੀ ਸ਼ਕਤੀ ਦਾ ਕੋਈ ਹੱਥ ਨਹੀਂ) ਪਰ ਇੱਥੇ ਸਾਡਾ ਸੰਬੰਧ ਮੱਧ-ਕਾਲੀਨ ਲੋਕਾਂ ਦੀ ਸੋਚ ਨਾਲ ਹੈ। ਫਲਸਰੂਪ ਸਹਿਤੀ, ਮੁਰਾਦ ਅਤੇ ਰਾਂਝਾ, ਹੀਰ ਤਿੱਤਰ ਹੋ ਜਾਂਦੇ ਹਨ। ਖੇੜਿਆਂ ਦੀ ਇੱਕ ਟੋਲੀ ਸਹਿਤੀ ਮੁਰਾਦ ਦਾ ਪਿੱਛਾ ਕਰਦੀ ਹੋਈ ਮਾਤ ਖਾ ਜਾਂਦੀ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 123

  1. ਉਹੀ, ਪੰ. 198
  2. ਉਹੀ
  3. John Mazquarrie, An Existential Theology, P. 157