ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਧਿਆਇ ਸਤਵਾਂ

ਸੱਸੀ ਹਾਸ਼ਮ

ਹਾਸ਼ਮ ਦੀ ਸੱਸੀ ਇੱਕ ਸੂਫ਼ੀ ਰੰਗਣ ਵਾਲਾ ਕਿੱਸਾ ਹੈ। ਇਸ ਸੰਬੰਧੀ ਆਪਣੇ ਵਿਚਾਰ ਅੰਕਿਤ ਕਰਦਿਆਂ ਡਾ. ਲਾਜਵੰਤੀ ਰਾਮਾ ਕ੍ਰਿਸ਼ਨਾ ਨੇ ਲਿਖਿਆ ਹੈ "ਹਾਸ਼ਮ ਹੁਰਾਂ ਆਪਣੇ ‘ਸੱਸੀ ਪੁੰਨੂੰ' ਵਿੱਚ ਸੂਫ਼ੀ ਵਿਚਾਰਧਾਰਾ ਨੂੰ ਇੰਜ ਬਿਆਨਿਆ ਹੈ, ਜਿਵੇਂ ਜਾਮੀ ਨੇ ਆਪਣੇ ਕਿੱਸੇ 'ਯੂਸਫ਼ ਜ਼ੁਲੈਖਾਂ’ ਵਿੱਚ ਕਾਨੀਬੱਧ ਕੀਤਾ ਹੈ। ਭੂਮਿਕਾ ਵਿੱਚ ਪ੍ਰਸਤੁਤ ਪਹਿਲਾ ਬੰਦ ਕਾਦਰ ਅਤੇ ਕੁਦਰਤ ਨੂੰ ਸਮਰਪਿਤ ਹੈ। ਦੂਜੇ ਵਿੱਚ ਇਸ਼ਕ ਦਾ ਆਯਾਮ ਹੈ। ਤੀਸਰੇ ਵਿੱਚ ‘ਸੱਸੀ-ਪੁੰਨੂੰ' ਦੇ ਸਿਦਕੀ ਇਸ਼ਕ ਦੀਆਂ ਕਥਾਵਾਂ ਸੁਣਕੇ ਕਵੀ ਨੂੰ ਜੋਸ਼ ਵੀ ਆਉਂਦਾ ਹੈ। ਇਸੇ ਜੋਸ਼ ਦੇ ਕਥਾਰਸਿਸ ਵਜੋਂ ਉਹ ਇਸ ਕਿੱਸੇ ਨੂੰ ਲਿਖਣ ਵੱਲ ਪ੍ਰੇਰਿਤ ਹੁੰਦਾ ਹੈ।" ਡਾ. ਹਰਨਾਮ ਸਿੰਘ ਸ਼ਾਨ ਦਾ ਕਥਨ ਉੱਲੇਖਨੀਯ ਹੈ ਕਿ 'ਪੰਜਾਬ ਵਿੱਚ ਜੋ ਲੋਕ-ਪ੍ਰਿਯਤਾ ‘ਹੀਰ-ਰਾਂਝੇ’ ਨੂੰ ਹਾਸਲ ਹੈ, ਰਾਜਸਥਾਨ ਵਿੱਚ ‘ਢੋਲ ਮਾਰੂ’ ਨੂੰ; ਸਰਹੱਦੀ ਸੂਬੇ ਵਿੱਚ 'ਆਦਮ ਦਰਖ਼ਾਨੀਂ' ਨੂੰ; ਪੂਰਬੀ ਬੰਗਾਲ ਵਿੱਚ ‘ਗੋਨਾਨੀ ਬੀਬੀ’ ਨੂੰ; ਪੰਛਮੀ ਬੰਗਾਲ ਵਿੱਚ ‘ਵਿਦਿਆ ਸੁੰਦਰ’ ਨੂੰ ਅਤੇ ਬਿਹਾਰ ਵਿੱਚ 'ਮਾਧਵਾ ਨਲ ਕਾਮਕੰਦਲਾ’ ਨੂੰ ਹਾਸਲ ਹੈ, ਸਿੰਧ ਵਿੱਚ ‘ਸੱਸੀ ਪੁੰਨੂੰ’ ਨੂੰ ਪ੍ਰਾਪਤ ਹੈ। ਪੰਜਾਬੀਆਂ ਨੇ ਇਸਨੂੰ ਆਪਣੀ ਹੀਰ, ਸੋਹਣੀ, ਸਾਹਿਬਾਂ ਵਾਂਗ ਹੀ ਅਪਣਾਇਆ ਹੈ।[1] ਪੰਜਾਬੀ ਵਿੱਚ ਪੰਜਾਹ ਤੋਂ ਉੱਪਰ ਕਵੀਆਂ ਨੇ ਇਹ ਕਿੱਸਾ ਲਿਖਿਆ ਪਰ ਜੋ ਸਥਾਨ ਹਾਸ਼ਮ ਦੀ ਸੱਸੀ ਨੂੰ ਪ੍ਰਾਪਤ ਹੈ, ਉਹ ਹੋਰਾਂ ਨੂੰ ਪ੍ਰਾਪਤ ਨਹੀਂ ਹੋ ਸਕਿਆ।

ਅਸਤਿਤਵਵਾਦੀ ਦ੍ਰਿਸ਼ਟੀ ਅਨੁਸਾਰ ਇਸ ਕਿੱਸੇ ਸੰਬੰਧੀ ਵਿਚਾਰ ਕਰਦਿਆਂ ਪ੍ਰਥਮ ਨੁਕਤਾ ਇਹ ਵੇਖਣਾ ਹੈ ਕਿ ਹਾਸ਼ਮ ਨੇ ਇਸ ਕਿੱਸੇ ਦੇ ਪਾਤਰਾਂ ਨੂੰ ਕਿੰਨ੍ਹਾਂ ਪਰਿਸਥਿਤੀਆਂ ਵਿੱਚ ਗ੍ਰਹਿਣ ਕੀਤਾ ਹੈ। ਇਤਿਹਾਸਕ ਤੌਰ 'ਤੇ ਭਾਵੇਂ ਇਸ ਘਟਨਾ ਦੇ ਵਾਪਰਨ ਦਾ ਸਮਾਂ ਨਿਸ਼ਚਤ ਕਰਨਾ ਕਠਿਨ ਹੈ, ਫਿਰ ਵੀ ਕਿੱਸੇ ਦੀਆਂ ਅੰਦਰੂਨੀ ਗਵਾਹੀਆਂ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਉਹ ਸਮਾਂ ਹੈ ਜਦੋਂ ਆਵਾਜਾਈ ਦੇ ਸਾਧਨਾਂ ਲਈ ਪਸ਼ੂਆਂ, ਵਿਸ਼ੇਸ਼ ਕਰਕੇ ਊਠਾਂ ਦੀ ਵਰਤੋਂ ਕੀਤੀ ਜਾਂਦੀ ਸੀ। ਉਂਜ ਵੀ ਇਹ ਘਟਨਾ ‘ਥਲ-ਮਾਰੂ' ਨਾਲ ਸੰਬੰਧਤ ਹੋਣ ਕਾਰਨ ਹੋਰ

ਅਸਤਿਤਵਵਾਦੀ ਆਲੋਚਨਾ ਸਿਧਾਂਤ ਅਤੇ ਵਿਹਾਰ) / 125

  1. ਹਰਨਾਮ ਸਿੰਘ ਸ਼ਾਨ (ਸ.) ਸੰਸੀ ਹਾਸ਼ਮ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਸੰਸਕਰਨ ਪਹਿਲਾ, 1956, ਪੰ. 31