ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਸ਼ੂ ਇਸ ਖੇਤਰ ਵਿੱਚ ਆਵਾਜਾਈ ਲਈ ਵਰਤਣੇ ਕਠਿਨ ਸਨ। ਦੂਜੇ ਇਹ ਕਿ ਅੱਜ ਕੱਲ ਵਾਂਗ ਉਸ ਸਮੇਂ ਸੰਚਾਰ ਸਾਧਨ ਉੱਕਾ ਹੀ ਨਹੀਂ ਸਨ। ਤੀਜੇ ਇਹ ਕਿ ਸਮਾਜਕ ਜੀਵਨ ਵਿੱਚ ਔਲਾਦ ਦੀ ਪ੍ਰਾਪਤੀ ਲਈ ਦਾਨ ਪੁੰਨ ਕਰਕੇ ਅਤੇ ਪ੍ਰਾਪਤੀ ਉਪਰੰਤ ਜੋਤਸ਼ੀਆਂ ਪਾਸੋਂ ਬੱਚਿਆਂ ਦੇ ਜੀਵਨ ਸੰਬੰਧੀ ਭਵਿੱਖਬਾਣੀਆਂ ਕਰਵਾਉਣ ਦਾ ਸਮਾਂ ਸੀ। ਕੁੱਝ ਹੱਦ ਤੱਕ ਅੱਜ ਵੀ ਲੋਕ ਇਨ੍ਹਾਂ ਚੱਕਰਾਂ ਵਿੱਚ ਹਨ। ਮੁਟਿਆਰ ਧੀਆਂ ਲਈ ਵਰ ਟੋਲਣਾ ਵੀ ਇਕ ਸਮੱਸਿਆ ਸੀ। ਧੀਆਂ ਰਾਹੀਂ ਹੀ ਪਰਿਵਾਰ ਦੀ ਇੱਜ਼ਤ ਮੰਨੀ ਜਾਂਦੀ ਸੀ। ਰਾਜੇ ਆਪਣੇ ਮੰਤਰੀਆਂ ਦੀ ਸਲਾਹ ਮੰਨਿਆ ਕਰਦੇ ਸਨ। ਧੋਬੀ ਦਰਿਆਵਾਂ ਦੇ ਕੰਢੇ ਕੱਪੜੇ ਧੋਇਆ ਕਰਦੇ ਸਨ। ਕਲਾਕਾਰ ਅਤੇ ਸੁਦਾਗਰ ਦੁਰ ਦੁਰੇਡੇ ਆਪਣੀ ਕਲਾ ਦੇ ਪ੍ਰਦਰਸ਼ਨ ਅਤੇ ਵਪਾਰ ਲਈ ਟੁਰਦੇ ਫਿਰਦੇ ਸਨ। ਕੁੱਝ ਇਸ ਪ੍ਰਕਾਰ ਦੇ ਮਾਹੌਲ ਵਿੱਚ ਇਸ ਕਿੱਸੇ ਦੀ ਨਾਇਕਾ ਨੂੰ ਵਿਚਰਦੇ ਵਿਖਾਇਆ ਗਿਆ ਹੈ। ਸੋ, ਅਸਤਿਤਵਵਾਦੀ ਦ੍ਰਿਸ਼ਟੀ ਅਨੁਸਾਰ ਇਹੋ ਇਸ ਕਿੱਸੇ ਦੀ ਤਥਾਤਮਕਤਾ (Facticity) ਹੈ।

ਆਦਮ ਜਾਮ ਭੰਬੋਰ ਸ਼ਹਿਰ ਦਾ ਬਾਦਸ਼ਾਹ ਹੈ। ਉਸਦੇ ਘਰ ਔਲਾਦ ਨਹੀਂ ਹੈ। ਉਹ 'ਜਾਹੋ ਜਲਾਲ' ਵਾਲੀ ਸ਼ਖ਼ਸੀਅਤ ਰੱਖਦਾ ਹੈ। ਲੋਕ ਉਸ ਅੱਗੇ ਝੁਕਦੇ ਹਨ। ਉਸ ਪਾਸ ਮਹਿਲ, ਬਾਗ਼-ਬਗੀਚੇ, ਹੌਜ਼, ਤਲਾਓ, ਨਦੀਆਂ- ਗੱਲ ਕੀ ਉਸਨੂੰ ਹਰ ਸਹੂਲਤ ਪ੍ਰਾਪਤ ਹੈ। ਅਮੀਰ ਵਜ਼ੀਰ, ਫੌਜਾਂ ਸਭ ਕੁੱਝ ਹੈ। ਪੂਰੀ ਸ਼ਾਨੋ-ਸ਼ੌਕਤ ਹੈ ਪਰ ਉਸਦੇ ਘਰ ਕੋਈ ਬੱਚਾ ਨਹੀਂ ਹੈ। ਅਜਿਹੀ ਸਥਿਤੀ, ਜਿੱਥੇ ਹੋਰ ਸਭ ਕੁੱਝ ਹੋਵੇ ਪਰ ਮਨ ਭਾਉਂਦੀ ਵਸਤੂ ਨਾ ਹੋਵੇ, ਸਾਰਤਰ ਦੇ ਘਟਨਾ ਕਿਰਿਆ ਵਿਗਿਆਨ ਅਨੁਸਾਰ ਭੋਇੰ (Ground) ਤਾਂ ਹੈ ਪਰ ਆਕਾਰ (Figure) ਨਹੀਂ ਹੈ। ਇਹ ਆਦਮ ਜਾਮ ਲਈ ਚਿੰਤਾ (Anxiety) ਦਾ ਵਿਸ਼ਾ ਹੈ। ਔਲਾਦ ਦੀ ਪ੍ਰਾਪਤੀ ਲਈ ਉਹ ਪੂਜਾ ਪਾਠ, ਦਾਨ-ਪੁੰਨ ਆਦਿ ਹਰ ਪ੍ਰਕਾਰ ਦੇ ਓਹੜ-ਪੋਹੜ ਕਰਦਾ ਹੈ। ਆਖਰ ਉਸਦੀ ਇੱਛਾ ਪੂਰੀ ਹੋ ਜਾਂਦੀ ਹੈ। ਉਸਦੀ ਔਲਾਦ ਦੀ ਇੱਛਾ ਸ਼ਬ-ਕਦਰ (ਰਮਜ਼ਾਨ ਮਹੀਨੇ ਦੀ ਸਤਾਈਵੀਂ ਰਾਤ) ਨੂੰ ਪੂਰੀ ਹੋ ਜਾਂਦੀ ਹੈ। ਸੱਸੀ ਦਾ ਜਨਮ ਹੁੰਦਾ ਹੈ। ਕਵੀ ਉਸਦੀ ਸੁੰਦਰਤਾ ਦੀ ਰੱਜਕੇ ਪ੍ਰਸ਼ੰਸਾ ਕਰਦਾ ਹੈ। ਰਾਜਾ ਉਸਦੀ ਕਿਸਮਤ ਦਾ ਲੇਖਾ ਜਾਨਣ ਲਈ ਨਜੂਮੀਆਂ ਨੂੰ ਬੁਲਾਉਂਦਾ ਹੈ। ਨਜੂਮੀ ਨਜ਼ੂਮ ਲਗਾਕੇ ਚੁੱਪ ਕਰ ਜਾਂਦੇ ਹਨ। ‘ਜ਼ਾਲਮ ਹੁਕਮ, ਸਹਿਮ ਸੁਲਤਾਨਾਂ, ਕੌਣ ਕੋਈ ਦਮ ਮਾਰੇ।’ ਸੱਚ ਦੱਸਣਾ ਮੁਸ਼ਕਲ ਹੋ ਗਿਆ। ਝੂਠ ਬੋਲਣਾ ਖੋਟਾ-ਨਿਸ਼ਚਾ (Bad faith) ਸੀ। ਅਖ਼ੀਰ ਮਨ ਵਿੱਚੋਂ ਭੈਅ (Fear) ਕੱਢਕੇ ਨਜ਼ੂਮੀਆਂ ਨੇ ਸੱਚ ਕਹਿ ਹੀ ਦਿੱਤਾ ਕਿ ਸੱਸੀ ਵੱਡੀ ਹੋ ਕੇ ਇਸ਼ਕ ਕਰੇਗੀ ਅਤੇ ਕੁਲ ਨੂੰ ਦਾਗ਼ ਲਾਉਣ ਦਾ ਕਾਰਨ ਬਣੇਗੀ। ਇਸ ਸੰਭਾਵਨਾ (Possibility) ਦਾ ਪ੍ਰਗਟ ਹੋਣਾ ਇਸ ਕਿੱਸੇ ਦੀ ਕੇਂਦਰੀ ਰੁਲ ਬਣਦਾ ਹੈ। ਰੰਗ ਵਿੱਚ ਭੰਗ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ/126