ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਅਕਤੀ ਸੀ ਜੋ ਸੁੰਦਰ ਬਾਗ਼ ਲਗਾ ਕੇ ਉਨ੍ਹਾਂ ਵਿੱਚ ਹਰ ਮੁਲਕ ਦੇ ਸ਼ਹਿਜ਼ਾਦਿਆਂ ਦੀ ਚਿੱਤਰਕਾਰੀ ਵੀ ਕਰਿਆ ਕਰਦਾ ਸੀ। ਇੱਕ ਦਿਨ ਸੱਸੀ ਨੇ ਬਾਗ਼ ਵਿੱਚ ਸਹੇਲੀਆਂ ਸਮੇਤ ਆ ਕੇ ਪੁੰਨੂੰ ਦਾ ਚਿੱਤਰ ਵੇਖ ਲਿਆ। ਮੁਸੱਵਰ ਨੂੰ ਬੁਲਾਕੇ ਪੁੰਨੂੰ ਦਾ ਅਤਾ ਪਤਾ ਪੁੱਛਿਆ ਗਿਆ। ਇਸ ਚਿੱਤਰ ਵੇਖਕੇ ਦਿਲ ਦੇ ਬੈਠਣਾ ਗ਼ੈਰਕੁਦਰਤੀ ਨਹੀਂ, ਅੱਜ ਕੱਲ ਫੇਸ-ਬੁੱਕ ਰਾਹੀਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਲਾ ਦੇ ਉਸਤਾਦਾਂ ਨੇ ਪੁੰਨੂੰ ਸਪੁੱਤਰ ਹੋਤ ਅਲੀ ਵਾਸੀ ਕੇਚਮ ਦੀ ਜਾਣਕਾਰੀ ਦਿੱਤੀ। ਪੁੰਨੂੰ ਨਾਲ ਮਿਲਾਪ ਦੀ ਸੰਭਾਵਨਾ (Possibility) ਨੂੰ ਸਾਕਾਰ ਕਰਨ ਲਈ ਪੱਤਣ ਦੇ ਘਾਟ ਤੇ ਪਹਿਰੇਦਾਰ ਬਿਠਾ ਦਿੱਤੇ ਤਾਂ ਕਿ ਜੋ ਵੀ ਪ੍ਰਦੇਸੀ ਆਉਣ ਉਹ ਸੱਸੀ ਦੀ ਆਗਿਆ ਬਿਨਾਂ ਅੱਗੇ ਨਾ ਜਾ ਸਕਣ। ਇੱਕ ਦਿਨ ਕੇਚਮ ਦੇ ਸੁਦਾਗਰ ਪਕੜ ਵਿੱਚ ਆ ਗਏ ਜੋ ਬੰਨ੍ਹਕੇ ਬਿਠਾ ਲਏ ਗਏ। ਪੁੱਛਣ ਤੇ ਉਹ ਕਹਿ ਬੈਠੇ ਕਿ ਪੁੰਨੂੰ ਉਨ੍ਹਾਂ ਦਾ ਹੋਤ-ਭਾਈ ਹੈ। ਏਨਾ ਕਹਿ ਤਾਂ ਬੈਠੇ ਪਰ ਹੁਣ ਆਪੇ ਪੈਦਾ ਕੀਤੀ ਸਥਿਤੀ (Situation) ਵਿੱਚ ਬਬਨ ਤੇ ਬਬੀਹਾ ਦੋਵੇਂ ‘ਅੰਦੇਸ਼ਾ' (Dread) ਮਹਿਸੂਸ ਕਰਦੇ ਹਨ ਕਿ ਸੱਸੀ ਨੂੰ ਭਾਵੇਂ ਆਪਾਂ ਕਿੰਨੀ ਵੀ ਮਾਇਆ ਦੇ ਦੇਈਏ, ਉਸਨੇ ਪੁੰਨੂੰ ਪ੍ਰਾਪਤ ਕੀਤੇ ਬਿਨਾਂ ਆਪਾਂ ਨੂੰ ਰਿਹਾਅ ਨਹੀਂ ਕਰਨਾ ਅਤੇ ਉਹ ਇਸ ਸੰਸਾਰ-ਵਿਆਪਕ ਸੱਚ ਨੂੰ ਰੂਪਮਾਨ ਕਰਦੇ ਹਨ ਬਈ ਜੋ ਅਸਤਿਤਵੀ-ਮਾਣ ਬੰਦਾ ਆਪਣੇ ਮੁਲਕ ਵਿੱਚ ਰਹਿ ਕੇ ਪ੍ਰਾਪਤ ਕਰ ਸਕਦਾ ਹੈ, ਅਜਿਹਾ ਬਿਗਾਨੇ ਮੁਲਕ ਵਿੱਚ ਸੰਭਵ ਨਹੀਂ:

ਹਾਸ਼ਮ ਜ਼ੋਰ ਕਿਹਾ ਪਰ ਮੁਲਕਾੀਂ
ਮਾਣ ਹੋਵੇ ਵਿੱਚ ਘਰ ਦੇ।[1]

ਬੱਬਨ ਉਡਣਖਟੋਲਾ ਨਾਮਕ ਊਠ 'ਤੇ ਸਵਾਰ ਹੋ ਕੇ ਕੇਚਮ ਪੁੱਜਦਾ ਹੈ। ਪੁੰਨੂੰ ਦੀ ਮਾਂ ਅਤੇ ਪਿਤਾ ਦੋਵੇਂ ਹੀ ਆਪਣੇ ਪੁੱਤਰ ਨੂੰ ਪ੍ਰਦੇਸ ਭੇਜਣ ਤੋਂ ਕੋਰੀ ਨਾਂਹ ਕਰ ਦਿੰਦੇ ਹਨ। ਫੇਰ ਉਹ (ਬਬਨ ਤੇ ਬਬੀਹਾ) ਸਿੱਧੇ ਪੁੰਨੂੰ ਪਾਸ ਜਾ ਕੇ ਸੱਸੀ ਦੀ ਸੁੰਦਰਤਾ ਅਤੇ ਉਸਦੀ ਦੀਵਾਨਗੀ ਦੀ ਗੱਲ ਕਰਦੇ ਹਨ। ਇਹ ਵੀ ਦੱਸਿਆ ਕਿ ਉਸਨੇ ‘ਤੇਰੀ ਪ੍ਰਾਪਤੀ ਖ਼ਾਤਰ ਬਲੋਚ ਕੈਦ ਕਰ ਲਏ ਹਨ। ਪੁੰਨੂੰ ਦਾ ‘ਸੁਣ ਤਾਰੀਫ਼ ਹੋਇਆ ਦਿਲ ਘਾਇਲ, ਰੁਮਕੀ ਵਾਉ ਪਿਰਮ ਦੀ' ਅਤੇ ਇਸਦੇ ਨਤੀਜੇ ਵਜੋਂ ‘ਸ਼ਹਿਰ ਭੰਬੋਰ ਪੁੰਨੂੰ ਦਿਲ ਵਸਿਆ, ਵਿਸਰੀ ਸੁਰਤ ਕੇਚਮ ਦੀ।’ ਇਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸੱਸੀ ਨੂੰ ਪੁੰਨੂੰ ਦਾ ਚਿੱਤਰ ਵੇਖਕੇ ਉਸ ਨਾਲ ਪਿਆਰ ਹੋਇਆ ਪਰ ਪੁੰਨੂੰ ਦਾ ਸੱਸੀ ਦੀ ਸੁੰਦਰਤਾ ਅਤੇ ਉਸ ਪ੍ਰਤੀ ਦੀਵਾਨਗੀ ਬਾਰੇ ਸੁਣਕੇ ਪਿਆਰ ਦੀ ਚਿੰਗਾੜੀ ਸੁਲਘੀ। ਇੱਕ ਬੰਨੇ ਨੈਣ ਪ੍ਰਭਾਵਿਤ ਹੋਏ, ਦੂਜੇ ਸੁਣਨ

ਪ੍ਰਕਿਰਿਆ ਅਰਥਾਤ ਕੰਨ। ਇੱਥੇ ਸੱਸੀ ਅਤੇ ਪੁੰਨੂੰ ਦਰਮਿਆਨ ਦੂਰੀ ਕੋਈ ਅਰਥ ਨਹੀਂ ਰੱਖਦੀ। ਮਾਰਟਿਨ ਹਾਈਡਿਗਰ ਦਾ ਮੱਤ ਹੈ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 128

  1. ਹਰਨਾਮ ਸਿੰਘ ਸ਼ਾਨ (ਸੰ.) ਉਹੀ, ਮੁਲਪਾਠ, ਪੰ. 105