ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਅਧਿਆਇ ਪਹਿਲਾ

ਅਸਤਿਤਵਵਾਦ ਦੀ ਸਮਝ

ਅਸਤਿਤਵਵਾਦ ਇੱਕ ਅਜਿਹਾ ਦਰਸ਼ਨ ਹੈ ਜਿਸਨੇ ਦੂਜੇ ਮਹਾਂਯੁੱਧ ਤੋਂ ਬਾਅਦ ਤਤਕਾਲੀ ਬੌਧਿਕ ਫ਼ਿਜ਼ਾ ਨੂੰ ਬੇਹੱਦ ਪ੍ਰਭਾਵਿਤ ਕੀਤਾ। ਇਹ ਫ਼ਿਲਾਸਫ਼ੀ ਵੀਹਵੀਂ ਸਦੀ ਵਿੱਚ ਮਾਰਕਸਵਾਦ ਤੋਂ ਬਾਅਦ ਦੂਜੀ ਵੱਡੀ ਚਿੰਤਨ-ਪ੍ਰਣਾਲੀ ਸਵੀਕਾਰ ਕੀਤੀ ਗਈ। ਇਨ੍ਹਾਂ ਦੋਵਾਂ ਚਿੰਤਨ-ਪ੍ਰਣਾਲੀਆਂ ਨੇ ਅੱਗੋਂ ਸਾਹਿਤ, ਕਲਾ, ਸਮਾਜ ਅਤੇ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ, ਅਸਤਿਤਵਵਾਦ ਨੂੰ ਹੋਰਨਾਂ ਫ਼ਿਲਾਸਫ਼ੀਆਂ ਜਿਵੇਂ ਕਿ ਆਦਰਸ਼ਵਾਦ, ਸਮਾਜਵਾਦ, ਯਥਾਰਥਵਾਦ ਆਦਿ ਵਾਂਗ ਵਿਲੱਖਣ ਦਰਸ਼ਨ ਸਮਝਣ ਦੀ ਥਾਂ ਇੱਕ ਝੁਕਾਓ, ਵਤੀਰਾ ਜਾਂ ਵਿਚਾਰ ਕਿਹਾ ਗਿਆ। ਇਸ ਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਇਸ ਦਰਸ਼ਨ ਨੂੰ ਸਮਝਣਾ ਜੇ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ ਅਤੇ ਇਸਦੀ ਸਮਝ ਦੇ ਪੈਂਡੇ ਤੇ ਚੱਲੇ ਰਾਹੀ ਨੂੰ ਸਖ਼ਤ ਮਗਜ਼-ਖਪਾਈ ਕਰਨੀ ਪੈਂਦੀ ਹੈ। ਇਹ ਦਰਸ਼ਨ ਬਹੁਰੰਗਾ ਹੋਣ ਕਾਰਨ ਵੀ ਸੋਚ ਨੂੰ ਚੱਕਰਵਿਊ ਵਿੱਚ ਪਾ ਦਿੰਦਾ ਹੈ। ਨਿਰਸੰਦੇਹ, ਇਸਦਾ ਪ੍ਰਚਾਰ ਬਹੁਤ ਹੋਇਆ, ਵਿਵਾਦਗ੍ਰਸਤ ਵੀ ਰਿਹਾ, ਸਮਕਾਲੀ ਚਿੰਤਨ ਨੇ ਇਸ ਤੋਂ ਅਨੇਕਾਂ ਪ੍ਰਭਾਵ ਵੀ ਗ੍ਰਹਿਣ ਕੀਤੇ, ਤਾਂ ਵੀ ਇਸ ਦਰਸ਼ਨ ਨੂੰ ਸਮਝਿਆ ਘੱਟ ਗਿਆ ਹੈ। ਅਜੋਕੇ ਸਮੇਂ ਦੀ ਅਨਿਸ਼ਚਤਤਾ ਅਤੇ ਵਿਭਿੰਨ ਖੇਤਰਾਂ ਦੇ ਮਨੁੱਖੀ ਤਣਾਵਾਂ ਨੇ ਇਸ ਦਰਸ਼ਨ ਵੱਲ ਬੁੱਧੀਜੀਵੀਆਂ ਦਾ ਧਿਆਨ ਆਕਰਸ਼ਤ ਕੀਤਾ। ਇਹ ਦਰਸ਼ਨ ਵਿਅਕਤੀ ਦੇ ਵਜੂਦ ਨੂੰ ਕੇਂਦਰ ਵਿੱਚ ਰੱਖਦਾ ਹੈ। ਉਸਨੂੰ ਤਸਦੀਕ ਅਤੇ ਪਰਵਾਨ ਕਰਦਾ ਹੈ। ਵਿਅਕਤੀ ਦੀ ਹੋਂਦ ਨੂੰ ਸਮਝਣ ਹਿਤ ਤਾਰਕਿਕੀਕਰਨ ਦੀ ਥਾਂ ਅਨੁਭਵ ਨੂੰ ਆਧਾਰ ਬਣਾਉਂਦਾ ਹੈ। ਬੰਦਾ ਇੱਕ ਦੰਭੀ ਸੰਸਾਰ ਵਿੱਚ ਆਪਣਾ ਜੀਵਨ ਜੀ ਰਿਹਾ ਹੈ। ਅਜਿਹੇ ਸੰਸਾਰ ਨੂੰ ਸਵੀਕਾਰ ਵੀ ਕੀਤਾ ਜਾ ਸਕਦਾ ਹੈ, ਰੱਦ ਵੀ। ਬੰਦੇ ਨੂੰ ਆਪਣੇ ਪ੍ਰਾਪਤ ਹਾਲਾਤ ਵਿੱਚ ਚੋਣ ਕਾਰਨ, ਅਮਲ ਕਰਨ ਅਤੇ ਫਲਸਰੂਪ ਨਤੀਜਿਆਂ ਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਦਿੱਤੇ ਚੁਗਿਰਦੇ ਵਿੱਚ ਵਿਚਰਦਿਆਂ ਬੰਦਾ ਆਪਣੇ ਅਸਤਿਤਵ ਅਤੇ ਇਸਦੀ ਪਕਿਆਈ ਤੋਂ ਭਲੀ ਭਾਂਤ ਜਾਣੂ ਹੁੰਦਾ ਹੈ। ਬੰਦੇ ਨੂੰ ਹੋਰਨਾਂ ਬੰਦਿਆਂ ਨਾਲ ਸੰਬੰਧਾਂ ਅਤੇ ਆਪਣੇ ਸਵੈ ਨਾਲ਼ ਸੰਬੰਧਾਂ ਵਿੱਚੋਂ ਪੈਦਾ ਹੋਈਆਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 13