ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਠਕੇ ਸੱਸੀ ਵਲ ਚਲਦਾ ਹੈ। ਭਾਈ ਉਸਦੇ ਪਿੱਛੇ ਪਿਤਾ ਦੇ ਨੈਣਾਂ ਦੀ ਜੋਤ ਬੁਝਣ ਦਾ ਵਾਸਤਾ ਪਾਉਂਦੇ ਹਨ। ਕੇਚਮ ਦੇ ਲੋਕ ਵੀ ਮੋੜਨ ਦਾ ਜਤਨ ਕਰਦੇ ਹਨ। ਉਸਦੇ ਹੱਥ ਕਟਾਰ ਖਿਚੀ ਵੇਖਕੇ ਸਾਰੇ ਉਸਦੇ ਰਾਹ ਤੋਂ ਪਾਸੇ ਹੋ ਜਾਂਦੇ ਹਨ।

ਸ਼ੁਤਰ ਨੂੰ ਤੇਜ਼ ਦੌੜਨ ਲਈ ਚੰਗੀ ਖੁਰਾਕ ਦਾ ਲਾਲਚ ਦਿੰਦਾ ਹੈ। ਫ਼ਕੀਰ (ਅਯਾਲੀ) ਪਾਸੋਂ ਅੱਖੀਂ ਡਿੱਠੀ ਸੁਣਨ ਸਾਰ ਉਸਦੇ ਪੰਖੇਰੂ ਉੱਡ ਜਾਂਦੇ ਹਨ। ਸੱਸੀ ਦੀ ਕਬਰ ਖੁਲ੍ਹਦੀ ਹੈ, ਦੋਵੇਂ ਕਬਰ ਵਿੱਚ ਮਿਲ ਜਾਂਦੇ ਹਨ। ਇਸ਼ਕ ਵਾਸਤੇ ‘ਸੂਰਤ, ਹੁਸਨ ਅਤੇ ਜਵਾਨੀਂ' ਖ਼ਾਕ ਵਿੱਚ ਰਲ ਜਾਂਦੇ ਹਨ। ਕਵੀ ਅਨੁਸਾਰ ਇਹ ਪ੍ਰੀਤ-ਕਥਾ ਜੱਗ ਵਿੱਚ ਹਮੇਸ਼ਾ ਅਮਰ ਰਹੇਗੀ। ਕਵੀ ਦੋਵਾਂ ਨੂੰ ਬਹਿਸ਼ਤ ਵਿੱਚ ਵੀ ਇਕੱਠੇ ਵਿਖਾਉਂਦਾ ਹੈ। ਇਸ਼ਕ ਦੀ ਦ੍ਰਿਸ਼ਟੀ ਤੋਂ ਦੋਵਾਂ ਦਾ ਅਸਤਿਤਵ ਪ੍ਰਮਾਣਿਕ (Authentic) ਹੋ ਨਿਬੜਦਾ ਹੈ। ਅਸਤਿਤਵਵਾਦੀਆਂ ਅਨੁਸਾਰ ਸਿਦਕ ਨਿਭਾਉਣ ਦਾ ਜੀਵਨ ਵਿੱਚ ਬੜਾ ਮਹੱਤਵ ਹੈ।

ਦਰਅਸਲ, ਨਾਇਕ-ਨਾਇਕਾ ਦਾ ਦੁਖਾਂਤ ਉਨ੍ਹਾਂ ਦੇ ਸਮੇਂ ਦੀ ਤਥਾਤਮਕਤਾ (Facticity) ਵਿੱਚੋਂ ਉਪਜਿਆ ਹੈ। ਜੇਕਰ ਉਸ ਸਮੇਂ ਆਵਾਜਾਈ ਅਤੇ ਸੰਚਾਰ ਦੇ ਅਜੋਕੇ ਸਾਧਨ ਹੁੰਦੇ ਅਰਥਾਤ ਅਜੋਕੀ ਸੰਦ-ਵਿਵਸਥਾ (System of instruments) ਹੁੰਦੀ ਤਾਂ ਸ਼ਾਇਦ ਇਹ ਦੁਖਾਂਤ ਨਾ ਵਾਪਰਦਾ ਫਿਰ ਵੀ ਇਸ ਦੁਖਾਂਤ ਦੀ ਸਫ਼ਲ ਪੇਸ਼ਕਾਰੀ ਕਾਰਨ ਮੰਨਣਾ ਪੈਂਦਾ ਹੈ:

"Ah, there are so many things
Betwixt heaven and earth
Which only the poets have dreamed"[1]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 132

  1. Friedrich Nietzsche, Thus Spake Zarthustra Ch. 39