ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਧਿਆਇ ਅੱਠਵਾਂ

ਜੰਗ-ਨਾਮਾ ਸ਼ਾਹ ਮੁਹੰਮਦ

ਮਹਾਰਾਜਾ ਰਣਜੀਤ ਸਿੰਘ ਵੱਲੋਂ ਪੰਜਾਬ ਨੂੰ ਇੱਕ-ਮੁੱਠ ਕਰਨ ਤੋਂ ਪਹਿਲਾਂ ਇਹ ਨਿੱਕੀਆਂ-ਨਿੱਕੀਆਂ ਅਨੇਕਾਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਇਨ੍ਹਾਂ ਰਿਆਸਤਾਂ ਤੇ ਸਿੱਖ ਸਰਦਾਰਾਂ ਦੀਆਂ ਬਾਰਾਂ ਮਿਸਲਾਂ ਅਤੇ ਮੁਸਲਮ ਨਵਾਬਾਂ ਦਾ ਕਬਜ਼ਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੂਝ-ਬੂਝ ਅਤੇ ਸ਼ਕਤੀ (Will to power) ਨਾਲ ਇਨ੍ਹਾਂ ਸਾਰੀਆਂ ਰਿਆਸਤਾਂ ਉੱਪਰ ਕਬਜ਼ਾ ਕਰਕੇ ਇਕ ਕੇਂਦਰੀ ਹਕੂਮਤ ਸਥਾਪਤ ਕੀਤੀ। ਪਹਿਲੀ ਵਾਰ ਪੰਜਾਬ ਵਿੱਚ ਆਮ ਲੋਕ ਆਪਣੀ ਯੋਗਤਾ ਨਾਲ ਤਰੱਕੀ ਕਰਕੇ ਉੱਚ ਅਹੁਦਿਆਂ 'ਤੇ ਪਹੁੰਚ ਸਕਦੇ ਸਨ। ਪੰਜਾਬ ਦੀ ਸੁਰੱਖਿਆ ਲਈ ਉਸ ਪਾਸ ਸ਼ਕਤੀਸ਼ਾਲੀ ਸੈਨਾ ਸੀ। ਸਿਖਲਾਈ ਲਈ ਯੂਰਪੀਅਨ ਅਫ਼ਸਰ ਭਰਤੀ ਕੀਤੇ ਹੋਏ ਸਨ। ਪਰਜਾ ਦੀ ਕਮਾਈ ਲਈ ਨਵੇਂ-ਨਵੇਂ ਸਾਧਨ ਪੈਦਾ ਕੀਤੇ ਗਏ ਸਨ। ਉਸਦੇ ਰਾਜ ਵਿੱਚ ਸਦਭਾਵਨਾ ਵਾਲਾ ਮਾਹੌਲ ਸੀ। ਭੂਗੋਲਿਕ ਤੌਰ 'ਤੇ ਇਹ ਰਾਜ ਦੱਰਾ ਖ਼ੈਬਰ ਤੋਂ ਸਤਲੁਜ ਤੱਕ ਅਤੇ ਦੂਜੇ ਬੰਨੇ ਲਦਾਖ ਤੋਂ ਸ਼ਿਕਾਰਪੁਰ (ਸਿੰਧ) ਤੱਕ ਫੈਲਿਆ ਹੋਇਆ ਸੀ ਜਿਸਦਾ ਖੇਤਰਫ਼ਲ ਇੱਕ ਲੱਖ ਚਾਲੀ ਹਜ਼ਾਰ ਵਰਗਮੀਲ ਦੇ ਲਗਭਗ ਸੀ। ਮਹਾਰਾਜਾ ਰਣਜੀਤ ਸਿੰਘ ਸੱਚ ਮੁੱਚ ਹੀ ਪੰਜਾਬ ਲਈ ਸੁਪਰਮੈਨ (Superman) ਸਾਬਤ ਹੋਇਆ ਹਾਲਾਂਕਿ ਸੁਪਰਮੈਨ ਦੇ ਸੰਕਲਪ ਵਾਲੇ ਫਰੈਡਰਿਕ ਨੀਤਸ਼ੇ ਦਾ ਜਨਮ ਤਾਂ 1844 ਈ: ਵਿੱਚ ਹੋਇਆ। ਨੀਤਸ਼ੇ ਦਾ ਕਹਿਣਾ ਹੈ, "The object of mankind should lie in its highest individuals."[1] ਉਸਦਾ ਕਹਿਣਾ ਸੀ ਕਿ ਮਾਨਵਤਾ ਦੀ ਇਹ ਡਿਉਟੀ ਬਣਦੀ ਹੈ ਕਿ ਮਹਾਨ ਸ਼ਖ਼ਸੀਅਤਾਂ ਪੈਦਾ ਕਰੇ। ਉਸਨੇ Thus spake Zarthustra ਵਿੱਚ ਲਿਖਿਆ ਹੈ "I teach you the superman. Man is something that is to be surpassed"[2]

ਸੁਪਰਮੈਨ ਸੰਬੰਧੀ ਅਜਿਹੇ ਵਿਚਾਰ ਨੀਤਸ਼ੇ ਨੇ 1873-75 ਦਰਮਿਆਨ ਪੇਸ਼ ਕੀਤੇ ਪਰ ਪੰਜਾਬ ਤਾਂ ਉਸਦੇ ਅਜਿਹਾ ਲਿਖਣ ਤੋਂ ਸੌ ਵਰ੍ਹੇ ਪਹਿਲਾਂ 13 ਨਵੰਬਰ 1780 ਨੂੰ ਸੁਪਰਮੈਨ ਨੂੰ ਜਨਮ ਦੇ ਚੁੱਕਾ ਸੀ ਜਿਸਨੂੰ ਪੰਜਾਬ 27 ਜੂਨ 1839 ਨੂੰ ਖੋ ਵੀ ਚੁੱਕਾ ਸੀ। ਸ਼ਾਹ ਮੁਹੰਮਦ ਉਸ ਮਹਾਂਬਲੀ (ਸੁਪਰਮੈਨ) ਦੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 133

  1. W.H. Wright- (Ed), The Philosophy of Nietzsche,Mrs. Forster Nietzsche, Introduction to Thus Spake Zarthustra.
  2. OP. cit, P.6