ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਔਕੜਾਂ ਨਾਲ ਜੂਝਣਾ ਪੈਂਦਾ ਹੈ। ਅਜਿਹੀਆਂ ਪਰਿਸਥਿਤੀਆਂ ਇਸ ਦਰਸ਼ਨ ਨੂੰ ਆਧਾਰ ਪ੍ਰਦਾਨ ਕਰਦੀਆਂ ਹਨ। ਇਹ ਦਰਸ਼ਨ ਜੀਵਨ ਜਿੰਨਾ ਹੀ ਗੁੰਝਲਦਾਰ ਹੈ। ਇਸਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਵਿਵਸਥਤ ਨਹੀਂ। ਇਸੇ ਕਰਕੇ ਇਸਦੀ ਪਰਿਭਾਸ਼ਾ ਦੇਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਇਸੇ ਲਈ ਅਨੇਕਾਂ ਵਿਦਵਾਨਾਂ ਦਾ ਮੱਤ ਹੈ ਇਸ ਫ਼ਿਲਾਸਫ਼ੀ ਨੂੰ ਪਰਿਭਾਸ਼ਤ ਕਰਨ ਨਾਲੋਂ ਇਸ ਦੀ ਵਿਆਖਿਆ ਹੀ ਕਰਨੀ ਬਣਦੀ ਹੈ ਕਿਉਂ ਜੋ ਪਰਿਭਾਸ਼ਤ ਤਾਂ ਕੇਵਲ ਵਿਵਸਥਤ ਦਰਸ਼ਨ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾ ਇਹ ਇੱਕ ਵੰਡੀ ਹੋਈ ਮਨੋਦਸ਼ਾ ਹੈ। ਇਸ ਵਾਦ ਦਾ ਬਾਨੀ ਕੀਰਕੇਗਾਰਦ ਡੈਨਮਾਰਕ ਦਾ ਇੱਕ ਈਸਾਈ ਸੀ। ਜਰਮਨ ਦਾਰਸ਼ਨਿਕ ਫਰੈਡਰਿਕ ਨੀਤਸ਼ੇ ਪੂਰਾ ਨਾਸਤਿਕ ਸੀ। ਮਾਰਟਿਨ ਬੂਬਰ ਯਹੂਦੀ ਸੀ। ਦੋਸਤੋਵਸਕੀ ਰੂੜੀਵਾਦੀ ਸਨਾਤਨੀ ਸੀ। ਐਲਬੇਅਰ ਕਾਮੂ ਅਤੇ ਕਾਰਲ ਜੈਸਪਰਸ ਦੋਵੇਂ ਉਦਾਰਵਾਦੀ ਸਨ। ਮਾਰਟਿਨ ਹਾਈਡਿਗਰ ਤਾਂ ਨਾਜ਼ੀ ਪਾਰਟੀ ਦਾ ਮੈਂਬਰ ਵੀ ਰਹਿ ਚੁੱਕਾ ਸੀ। ਨਿਕੋਲਸ ਬਰਦੀਏਵ, ਜਕ ਮੇਰੀਟੇਨ, ਬੁਲਟਮਾਨ ਅਤੇ ਪਾਲ ਟਿਲਿੱਕ ਆਦਿ ਸਾਰੇ ਹੀ ਧਾਰਮਿਕ ਸਨ। ਅਜਿਹੀਆਂ ਵਿਭਿੰਨਤਾਵਾਂ ਕਰਨਾ ਅਸਤਿਤਵਵਾਦ ਸੰਬੰਧੀ ਕੋਈ ਸਾਂਝਾ ਸੂਤਰ ਨਿਰਧਾਰਿਤ ਕਰਨਾ ਕਠਿਨ ਪ੍ਰਤੀਤ ਹੁੰਦਾ ਹੈ ਤਾਂ ਵੀ ਜਾਂ ਪਾਲ ਸਾਰਤਰ ਨੇ ਇੱਕ ਸਾਂਝਾ ਸੂਤਰ ਲੱਭ ਹੀ ਲਿਆ ਜਿਸ ਤੇ ਲਗਭਗ ਸਾਰੇ ਹੀ ਅਸਤਿਤਵਵਾਦੀ ਚਿੰਤਕ ਸਹਿਮਤ ਹਨ, ਇਹ ਸੂਤਰ ਹੈ:

ਅਸਤਿਤਵ ਸਾਰ ਤੋਂ ਪਹਿਲਾਂ ਹੈ।
Existence Precedes Essence

ਇਸਦੇ ਉਲਟ ਵਿਚਾਰ ਹੈ:

ਸਾਰ ਅਸਤਿਤਵ ਤੋਂ ਪਹਿਲਾਂ ਹੈ
Essence Precedes Existence

ਇਨ੍ਹਾਂ ਦੋਵਾਂ ਸੂਤਰਾਂ ਨੂੰ ਸਮਝਣ ਲਈ ਸਾਰਤਰ ਨੇ ਆਪਣੇ ਵਿਚਾਰ Existentialism and Human Emotions ਵਿੱਚ ਦਿੱਤੇ ਹਨ। ਉਹ ਕੈਂਚੀ ਦੀ ਉਦਾਹਰਨ ਦਿੰਦਿਆਂ ਦੱਸਦਾ ਹੈ ਕਿ ਕਾਗ਼ਜ਼ ਕੱਟਣ ਲਈ ਕੈਂਚੀ ਬਣਾਉਣ ਦਾ ਵਿਚਾਰ (ਸਾਰ) ਮਿਸਤਰੀ ਦੇ ਦਿਮਾਗ਼ ਵਿੱਚ ਪਹਿਲਾਂ ਆਉਂਦਾ ਹੈ। ਇਸ ਪ੍ਰਕਿਰਿਆ ਨੂੰ ਅਸੀਂ ਇੰਜ ਦਰਸਾ ਸਕਦੇ ਹਾਂ:

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ)/14