ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਸ ਕਰਨਾ ਫ਼ਜ਼ੂਲ ਹੈ।

ਤੀਜੇ ਸਰਗ ਵਿੱਚ ਸਲਵਾਨ ਅਤੇ ਲੂਣਾ ਦੀ ਸ਼ਾਦੀ ਹੋਣ ਦਾ ਸੰਕੇਤ ਹੈ। ਇਸ ਵਿੱਚ ਲੂਣਾ ਆਪਣੀਆਂ ਸਹੇਲੀਆਂ ਈਰਾ ਅਤੇ ਮਥਰੀ ਨਾਲ ਸੰਵਾਦ ਰਚਾਉਂਦੀ ਹੋਈ ਆਪਣਾ ਮਨ ਫੋਲਦੀ ਹੈ। ਉਸਨੂੰ ਦੁੱਖ ਹੈ ਕਿ ਉਸਦੇ ਬਾਬਲ ਨੇ ਉਸ ਲਈ ਹਾਣੀ ਵਰ ਨਹੀਂ ਟੋਲਿਆ। ਈਰਾ ਕਹਿੰਦੀ ਹੈ ਕਿ ਲੂਣਾ ਕੁੱਝ ਨਾ ਬੋਲੇ ਕਿਉਂਕਿ ਲੜਕੀਆਂ ਦਾ ਬੋਲਣਾ ਵਿਵਰਜਤ ਹੈ। ਪਰ ਲੂਣਾ ਸੰਭਾਵਨਾ (Possibility) ਪ੍ਰਗਟ ਕਰਦੀ ਹੈ ਕਿ ਇੱਕ ਦਿਨ ਔਰਤ ਅਵੱਸ਼ ਬੋਲੋਗੀ। ਮਥਰੀ ਉਸਨੂੰ ਭਾਗਾਂ ਵਾਲੀ ਸਮਝਦੀ ਹੈ ਕਿਉਂਕਿ ‘ਭਿੱਟ-ਅੰਗੀ’ ਨੂੰ 'ਰਾਮ-ਰਤਨ’ ਵਰ ਮਿਲ ਗਿਆ ਹੈ ਪਰ ਲੂਣਾ ਦਿੜ੍ਹਤਾ ਨਾਲ ਕਹਿੰਦੀ ਹੈ ਕਿ 'ਮੈਨੂੰ’ ਭਿੱਟ-ਅੰਗੀ ਨੂੰ ਭਿੱਟ ਅੰਗਾਂ ਵਰ ਦੇਵੋ ਕਿਉਂਕਿ ਬਿਨਾਂ-ਹਾਣ ਜਿਸਮ ਦਾ ਪਾਣੀ ਗੰਗਾ ਨਹੀਂ ਬਣ ਸਕਦਾ। ਈਰਾ ਲੂਣਾਂ ਨੂੰ ਰੋਣ ਤੋਂ ਵਰਜਦੀ ਹੈ ਪਰ ਅਸਤਿਤਵੀ-ਮਨੋਵਿਗਿਆਨੀ ਵਾਂਗ ਮਥਰੀ ਈਰਾ ਨੂੰ ਕਹਿੰਦੀ ਹੈ ਕਿ ‘ਨੀ ਈਰਾ!/ਇਹਨੂੰ ਰੋਵਣ ਦੇ ਤੂੰ,ਦਾਗ ਦਿਲੇ ਦੇ ਧੋਵਣ ਦੇ ਤੂੰ/ਹੰਝੂ ਸਾਡੇ ਦੁੱਖ ਵੰਡਾਂਦੇ ਇਸਨੂੰ ਹਲਕੀ ਹੋਵਣ ਦੇ ਤੂੰ।' ਬਾਰੂ, ਇਕ ਗਰੀਬ ਬਾਪ, ਆਪਣਾ ਪਿਆਰ ਦੇ ਕੇ ਈਰਾ ਨੂੰ ਕੁੱਝ ਦਿਨਾਂ ਲਈ ਉਸਦੇ ਨਾਲ ਜਾਣ ਨੂੰ ਕਹਿੰਦਾ ਹੈ ਕਿਉਂਕਿ ਬਾਬਲਾਂ ਦੇ ਮਨ ਵਿੱਚ ਧੀਆਂ ਨੂੰ ਟੋਰਨ ਵੇਲੇ ਹਮੇਸ਼ਾ ਤੌਖ਼ਲਾ (Anguish) ਰਹਿੰਦਾ ਹੈ।

ਚੌਥੇ ਅੰਕ/ਸਰਗ ਵਿੱਚ ਰਾਣੀ ਇੱਛਰਾਂ ਸਿਆਲਕੋਟ ਵਿਖੇ ਆਪਣੇ ਮਹਿਲ ’ਚ ਬੈਠੀ ਸਲਵਾਨ ਦੇ ਦੂਜੇ ਵਿਆਹ ਦੀ ਖ਼ਬਰ ਸੁਣਕੇ ਆਪਣੀ ਗੋਲੀ ਨਾਲ ਆਪਣੀ ਪੀੜ ਸਾਂਝੀ ਕਰਦੀ ਹੈ। ਮੇਨੇਂਦਰ ਅਨੁਸਾਰ ਇਸਤਰੀ ਹੋਣਾ ਹੀ ਇੱਕ ਅਜਿਹਾ ਦਰਦ ਹੈ ਜੋ ਹਮੇਸ਼ਾ ਰਹਿੰਦਾ ਹੈ। ਇੱਛਰਾਂ ਸਮਝਦੀ ਹੈ ਕਿ ਮਰਦ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਕੁੱਝ ਨਹੀਂ ਸਮਝਦੇ। ਗੋਲੀ ਮਰਦਾਂ ਨੂੰ ਭੰਡਦੀ ਹੋਈ ਕਹਿੰਦੀ ਹੈ ਕਿ ਮਰਦ-ਜ਼ਾਤ ਪਾਸੋਂ ਵਫ਼ਾ ਦੀ ਆਸ ਕਰਨਾ ਮੱਸਿਆ ਤੋਂ ਕਿਰਨ ਮੰਗਣ ਦੇ ਬਰਾਬਰ ਹੈ। ਇੱਛਰਾਂ ਤਾਂ ਸਲਵਾਨ ਤੋਂ ਵਫ਼ਾ ਮੰਗਣ ਦੀ ਥਾਂ ਮੌਤ ਮੰਗਦੀ ਹੈ। ਗੋਲੀ ਮਰਦਾਂ ਦੀ ਤੁਲਨਾ ਘੜੀ ਮੁੜੀ ਰੰਗ ਬਦਲਣ ਵਾਲੇ ਗਿਰਗਟਾਂ ਨਾਲ ਕਰਦੀ ਹੈ। ਅਸਤਿਤਵਵਾਦੀ ਮਾਰਸ਼ਲ (Gabriel marcel) ਅਨੁਸਾਰ fidelity is a response to a person.[1]ਪਰ ਅਜਿਹੀ ਪ੍ਰਤਿਕਿਰਿਆ ਦੀ ਇਸ ਸਥਿਤੀ ਵਿੱਚ ਸਲਵਾਨ ਤੋਂ ਕੋਈ ਆਸ ਹੀ ਨਹੀਂ ਰਹੀ। ਗੋਲੀ ਮਰਦਾਂ ਨੂੰ ਖੋਟੇ ਨਿਸ਼ਚੇ (Bad faith) ਵਿੱਚ ਸਿੱਧ ਕਰਦੀ ਹੈ-'ਦਿਨੇ ਹੋਰ ਦੇ ਦਰਾਂ ਤੇ/ ਟੁੱਕ ਖਾਂਦੇ/ਰਾਹੀਂ ਹੋਰ ਦੇ ਦਰਾਂ ਤੇ ਜਾ ਸੁੱਤੇ।’ ਇੱਛਰਾਂ ਦਰਦ ਭਰੇ ਲਹਿਜ਼ੇ ਵਿੱਚ ਕਹਿੰਦੀ ਹੈ ਕਿ ਇਸ ਮੁਲਕ ਦੀ ਔਰਤ ਜਿਉਂਦੇ ਜੀਅ ਪਤੀ ਨੂੰ ਨਹੀਂ ਵਿਸਾਰ ਸਕਦੀ। ਇਸ ਪ੍ਰਕਾਰ ਉਸਦੇ ਮਨ ਵਿੱਚ ਘਟੀਆਪਨ ਦਾ ਅਹਿਸਾਸ ( Inferi

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 143

  1. H.J Blackham, Six Existential Thinkers, Op. cit, P.76