ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਬਜੈਕਟ ਹੈ। ਇਸੇ ਅੰਕ ਵਿੱਚ ਮਾਂ ਕਹਿੰਦਾ ਕਹਿੰਦਾ ਪੂਰਨ ਉਸਨੂੰ ਲੂਣਾ ਨਾਂ ਨਾਲ ਸੰਬੋਧਨ ਕਰਨ ਲੱਗਦਾ ਹੈ ਅਤੇ ਆਦਰਸ਼-ਪਿਆਰ ਦੀ ਪਰਿਭਾਸ਼ਾ ਸਮਝਾਉਂਦਾ ਹੈ ਪਰ ਲੂਣਾ ਨੂੰ ਤਾਂ ਕਾਮ ਦੀ ਤੜਪ ਹੈ। ਉਹ ਲੂਣਾ ਦੇ ਦੁੱਖ ਨੂੰ ਸਮਝਦਾ ਹੈ ਪਰ ਉਸ ਪਾਸ ਇਸਦਾ ਕੋਈ ਹੱਲ ਨਹੀਂ। ਪਰ ਲੂਣਾ ਪੂਰਨ ਦੀ ਅਸਹਿਮਤੀ ਕਾਰਨ ਬਦਲਾਖੋਰ ਹੋ ਜਾਂਦੀ ਹੈ।

ਛੇਵੇਂ ਕਾਂਡ ਵਿੱਚ ਲੂਣਾ ਅਤੇ ਰਾਜਾ ਸਲਵਾਨ ਸ਼ਾਹੀ ਬਾਗ਼ ਵਿੱਚ ਸ਼ਾਮ ਢਲੇ ਸੈਰ ਕਰ ਰਹੇ ਹਨ। ਇੱਥੇ ਵੀ ਪਹਿਲੋਂ ਪ੍ਰਕਿਰਤੀ ਚਿਤ੍ਰਣ ਹੈ। ਫਿਰ ਸਲਵਾਨ ਲੂਣਾ ਦੇ ਮਿਲਾਪ ਬਾਅਦ ਆਪਣੇ ਆਪ ਨੂੰ ਅਸਤਿਤਵਸ਼ੀਲ ਹੋਣ ਦਾ ਪ੍ਰਗਟਾਵਾ ਕਰਦਾ ਹੈ। ਏਨੇ ਨੂੰ ਗੋਲੀ ਪੂਰਨ ਦਾ ਖ਼ਤ ਲੈ ਕੇ ਆਉਂਦੀ ਹੈ ਜਿਸ ਵਿੱਚ ਦੂਰ ਚਲੇ ਜਾਣ ਦਾ ਸੰਕੇਤ ਕਰਦਾ ਹੈ। ਲੂਣਾ ਸਲਵਾਨ ਕੋਲ ਪੂਰਨ ਦੀ ਸ਼ਿਕਾਇਤ ਕਰਦੀ ਹੋਈ ਧੱਕਾ ਕਰਨ ਦਾ ਦੋਸ਼ ਲਾਉਂਦੀ ਹੈ। ਸਲਵਾਨ ਕਰੋਧ ਵਿੱਚ ਆਉਂਦਾ ਹੈ। ਈਰਾ ਲੂਣਾ ਨੂੰ ਕਹਿੰਦੀ ਹੈ ਕਿ ਉਹ ਪਾਪ ਕਰ ਰਹੀ ਹੈ ਪਰ ਲੂਣਾ ਦਾ ਉੱਤਰ ਹੈ- 'ਪਾਪ ਦੀ ਮੁਕਤੀ ਲਈ/ਕਰਨਾ ਹੀ ਪੈਂਦਾ ਪਾਪ ਹੈ।'[1]

ਲੂਣਾ ਆਪਣੇ ਅਸਤਿਤਵ ਨੂੰ ਬੁਲੰਦ ਕਰਦੀ ਹੋਈ ਕਹਿੰਦੀ ਹੈ ‘ਹੈ ਪਾਪ ਜਿਉ ਨਾ ਮਾਨਣਾ/ਨਾ ਆਪ ਖ਼ੁਦ ਨੂੰ ਜਾਨਣਾ।[2]

ਉਹ ਦ੍ਰਿੜ੍ਹਤਾ ਨਾਲ ਕਹਿੰਦੀ ਹੈ ਕਿ ਉਸਨੇ ਸੋਚ ਸਮਝਕੇ ਹੀ ਪੂਰਨ ਦੀ ਹੋਂਦ (Being) ਦੀ ਜੜ੍ਹ ਤੇ ਪੈਰ ਮਾਰਿਆ ਹੈ। ਉਸਦੀ ਪਾਕੀਜ਼ਗੀ ਵਿੱਚ ਦੋਸ਼ ਦਾ ਜ਼ਹਿਰ ਘੋਲਿਆ ਹੈ। ਇਸ ਦੋਸ਼ ਨਾਲ ਉਸਦੀ ਹੋਂਦ (Existence) ਨੂੰ ਅਜਿਹੇ ਫੁੱਲ ਲੱਗਣਗੇ ਜੋ ਇਸ ਧਰਤ 'ਤੇ ਹਮੇਸ਼ਾ ਟਹਿਕਦੇ ਰਹਿਣਗੇ। ਲੂਣਾ ਨੂੰ ਲੋਕੀ ਭਾਵੇਂ ਗਾਲਾਂ ਦੇਣਗੇ ਪਰ ਪੂਰਨ ਨੂੰ ਪਿਆਰ ਦੇਣਗੇ। ਕੋਈ ਬਾਬਲ ਆਪਣੀ ਧੀ ਨੂੰ ਸਲਵਾਨਾਂ ਨੂੰ ਨਹੀਂ ਦਏਗਾ।

ਸਤਵੇਂ ਕਾਂਡ ਵਿੱਚ ਇੱਛਰਾ ਅਤੇ ਉਸਦਾ ਬਾਪ ਆਪਸ ਵਿੱਚ ਦੁੱਖ ਸਾਂਝਾ ਕਰਦੇ ਹਨ। ਸੁਨੇਹਾ ਪੁੱਜਦਾ ਹੈ ਕਿ ਇੱਛਰਾਂ ਆਪਣੇ ਪੁੱਤਰ ਨੂੰ ਆਖ਼ਰੀ ਵਾਰ ਮਿਲ ਲਵੇ ਕਿਉਂਕਿ ਰਾਜਾ ਉਸਨੂੰ ਮਾਰਨ ਨੂੰ ਫਿਰਦਾ ਹੈ।

ਅਠਵੇਂ ਕਾਂਡ ਵਿੱਚ ਖੁੱਲ੍ਹੇ ਮੈਦਾਨ ਵਿੱਚ ਭੀੜ ਜੁੜੀ ਹੋਈ ਹੈ। ਪੂਰਨ ਨਾਲ ਨਿਪਟਣ ਲਈ ਜਲਾਦ ਤਿਆਰ ਖੜ੍ਹੇ ਹਨ। ਭੀੜ ਨੂੰ ਚੀਰਦੀ ਇੱਛਰਾਂ ਪੁੱਜਦੀ ਹੈ। ਪੁੱਛਦੀ ਹੈ- ਕੀ ਉਸਦਾ ਪੁੱਤਰ ਪੂਰਨ, ਅਪੂਰਨ ਹੈ? ਪੂਰਨ ਕਹਿੰਦਾ ਹੈ, ਹਾਂ ਮੈਂ ਅਪੂਰਨ ਹਾਂ। ਪਰ ਇਸ ਸੰਸਾਰ ਵਿੱਚ ਅਪੂਰਨ ਹੀ ਪੂਰਨ ਹਨ। ਹੇਠ ਲਿਖੀ ਪੰਕਤੀ ਵਿਚਾਰਨਯੋਗ ਹੈ:

ਏਥੇ ਜਿਸਦੀ ਹੋਂਦ ਹੈ
ਉਸਦੀ ਹੋਂਦ ਨਹੀਂ।

[3]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 147

  1. ਸ਼ਿਵ ਕੁਮਾਰ, ਉਹੀ ਪੰ. 186
  2. ਉਹੀ, ਪੰ. 187
  3. ਉਹੀ, ਪੰ. 210