ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤਾ ਕਿ ਉਨ੍ਹਾਂ ਦੇ ਕਠ ਗਣਰਾਜ ਨੇ ਪਰੂਵਰਸ਼ ਅਤੇ ਅਭਿਸਾਰ ਦੇ ਹਮਲਿਆਂ ਤੋਂ ਉਨ੍ਹਾਂ ਦੇ ਗਣਰਾਜ ਦੀ ਦੋ ਵਾਰ ਰੱਖਿਆ ਕੀਤੀ। ਨਾਲ ਹੀ ਉਸਨੇ ਅਜੈ ਮਿੱਤਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਸ਼ਕਤੀ ਦਾ ਵਿਖਾਵਾ ਨਾ ਕਰਕੇ ਦੁਸ਼ਮਣ ਨੂੰ ਭੁਲੇਖੇ ਵਿੱਚ ਰੱਖਣਾ ਠੀਕ ਸਮਝਦੇ ਹਨ ਅਤੇ ਆਪਣੀ ਰਾਖੀ ਲਈ ਸ਼ਕਤੀਸ਼ਾਲੀ ਸੈਨਾ ਰੱਖਦੇ ਹਾਂ:

"ਇਸ ਬਾਰੇ ਅਸੀਂ ਪੂਰੀ ਤਰ੍ਹਾਂ ਚੇਤੰਨ ਹਾਂ ਅਤੇ ਅਸਤਿਤਵ ਬਣਾਈ ਰੱਖਣ ਲਈ ਇੱਕ ਸ਼ਕਤੀਸ਼ਾਲੀ ਸੈਨਾ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ।"[1]

ਚਾਣਕਯ ਆਪਣੇ ਸਮੇਂ ਦਾ ਮਹਾਨ ਨੀਤੀਵਾਨ ਸੀ ਪਰ ਕਠ ਗਣਰਾਜ ਦਾ ਅਜੈ ਮਿੱਤਰ ਆਪਣੀ ਹਾਜ਼ਰ-ਜੁਆਬੀ ਕਾਰਨ ਉਸਦੇ ਵਿਚਾਰਾਂ ਨੂੰ ਵੀ ਵੰਗਾਰ ਸਕਣ ਦੀ ਸਮਰੱਥਾ ਰੱਖਦਾ ਸੀ।

ਮਾਰਟਿਨ ਹਾਈਡਿਗਰ ਆਪਣੇ ਅਸਤਿਤਵਵਾਦੀ ਸਿਧਾਂਤ ਵਿੱਚ ਸੰਭਾਵਨਾਵਾਂ (Possibilities) ਨੂੰ ਵਿਸ਼ੇਸ਼ ਸਥਾਨ ਦਿੰਦਾ ਹੈ। ਸਿਕੰਦਰ ਮਾਰ-ਧਾੜ ਕਰਨ ਤੋਂ ਬਾਅਦ ਆਪਣੇ ਸੈਨਾਪਤੀਆਂ, ਸਾਮੰਤਾਂ ਨੂੰ ਰਾਜ ਕਰਨ ਲਈ ਪਿਛੇ ਛੱਡ ਜਾਏਗਾ ਅਤੇ ਹੌਲੀ ਹੌਲੀ ਬ੍ਰਾਹਮਣ ਇਨ੍ਹਾਂ ਸਾਰਿਆਂ ਦਾ ਆਰੀਆਕਰਨ ਕਰ ਦੇਣਗੇ- ਚਾਣਕਯ ਅਜਿਹੀ ਸੰਭਾਵਨਾ ਪ੍ਰਗਟ ਕਰਦਾ ਹੈ।

ਅਜੈ ਨਾਲ ਇਸ ਪ੍ਰਕਾਰ ਦੇ ਅਨੇਕਾਂ ਵਾਰਤਾਲਾਪ ਇਸ ਨਾਵਲ ਦੇ ਕਥਾਨਕ ਦਾ ਭਾਗ ਬਣਦੇ ਹਨ। ਇਨ੍ਹਾਂ ਵਿੱਚ ਦਾਰਸ਼ਨਿਕਤਾ ਅਤੇ ਸਿਆਣਪ ਭਰੀ ਹੋਈ ਹੈ। ਵਿਜੈ ਮਿੱਤਰ ਆਪਣੇ ਗਣਤੰਤਰਾਂ ਦੀ ਰੱਖਿਆ ਅਤੇ ਅਸਤਿਤਵ ਦੀ ਬਹਾਲੀ ਲਈ ਯੋਗ ਅਗਵਾਈ ਪ੍ਰਦਾਨ ਕਰਨ ਦੇ ਸਮਰੱਥ ਹੈ। ਯਵਨਾਂ ਨੂੰ ਕਰਾਰੀ ਟੱਕਰ ਦੇਣ ਲਈ ਉਹ ਇੱਕ ਸੰਗਠਨ, ਇੱਕ ਨਵੀਂ ਯੋਜਨਾ ਅਤੇ ਇੱਕ ਨਵੀਂ ਯੁੱਧ-ਵਿਧੀ ਉਲੀਕਦਾ ਹੈ ਕਿਉਂਕਿ ਉਸਨੇ ਸਿਕੰਦਰ ਦੀ ਯੁੱਧ-ਵਿਧੀ ਅਤੇ ਵਿਅਕਤਿਤਵ ਨੂੰ ਬਹੁਤ ਨੇੜਿਉਂ ਤੱਕਿਆ ਹੋਇਆ ਸੀ। ਅਜੈ ਸਾਰੇ ਗਣਰਾਜਾਂ ਵਿੱਚ ਏਕਤਾ ਕਾਇਮ ਕਰਦਾ ਹੈ। ਗੁਰੀਲਾ ਯੁੱਧ ਦੀ ਯੋਜਨਾ ਦੱਸਦਾ ਹੈ। ਸਿਕੰਦਰ ਦੇ 'ਯੁੱਧ-ਵਿਊ' ਦੇ ਮੁਕਾਬਲੇ ਗਣਰਾਜ ਦੀਆਂ ਸੈਨਾਵਾਂ ਦਾ ‘ਸ਼ਕਟ-ਵਿਊ' ਤਿਆਰ ਕਰਦਾ ਹੈ। ਵਿਸ਼ਵਜੀਤ ਹੱਥੋਂ ਸਿਕੰਦਰ ਜ਼ਖਮੀ ਹੋ ਜਾਂਦਾ ਹੈ। ਗਣਤੰਤਰਾਂ ਵਿੱਚ ਸਮੂਹ ਦੀ ਰਾਏ ਵਿਅਕਤੀ 'ਤੇ ਹਾਵੀ ਹੋ ਜਾਂਦੀ ਹੈ। ਇਸੇ ਕਾਰਨ ਦੇਵਯਾਨੀ ਨੂੰ ਵਿਸ਼ਵਜੀਤ ਨਾਲ ਸ਼ਾਦੀ ਕਰਨੀ ਪਈ ਸੀ। ਵਿਸ਼ਵਜੀਤ ਦੀ ਮ੍ਰਿਤੂ ਉਪਰੰਤ ਦੇਵਯਾਨੀ ਉਸਦੇ ਬੱਚੇ ਨੂੰ ਪਾਲਨ ਦੀ ਪ੍ਰਤਿਗਿਆ ਲੈਂਦੀ ਹੈ। ਇਹ ਗਣਰਾਜਾਂ ਦੀ ਮਰਯਾਦਾ ਪਾਲਨ ਕਰਕੇ ਹੀ ਸੀ।

ਸਿਕੰਦਰ ਦੇ ਸੈਨਾਪਤੀ ਫਿਲਿਪਸ ਨੇ ਵਲ੍ਹਾਪੁਰ ਗਣਰਾਜ ਵਿੱਚ ਤਬਾਹੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 177

  1. ਉਹੀ, ਪੰ. 129