ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਾਂ ਸੰਸਾਰ ਵਿੱਚ ਤੀਰਥ-ਯਾਤਰੀ ਸਮਾਨ ਹੈ।

ਅਸਤਿਤਵਵਾਦ ਦਾ ਅਧਿਐਨ ਕਰਦਿਆਂ ਓਪਰੀ ਨਜ਼ਰੇ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਇਹ ਮੈਂ-ਵਾਦ (Solipsism) ਹੋਵੇ ਪਰ ਅਜਿਹੀ ਗੱਲ ਨਹੀਂ। ਮੈਂ-ਵਾਦ ਨੂੰ ਤਾਂ ਸਾਰੇ ਹੀ ਅਸਤਿਤਵਵਾਦੀ ਮੁੱਢੋਂ ਹੀ ਰੱਦ ਕਰਦੇ ਹਨ। ਇਹ ਤਾਂ ਮਾਨਵ ਦੇ ਅਧਿਐਨ ਦੁਆਰਾ ਮਨੁੱਖਤਾ ਦਾ ਅਧਿਐਨ ਹੈ। ਇਸ ਸੰਬੰਧੀ ਅਠਾਰਵੀਂ ਸਦੀ ਦੇ ਕਵੀ ਅਲੈਗਜ਼ੈਂਡ ਪੋਪ (Alexander Pope) ਦੇ ਸ਼ਬਦਾਂ ਵੱਲ ਧਿਆਨ ਦੇਣਾ ਲਾਹੇਵੰਦ ਹੈ ਜਦੋਂ ਉਹ ਕਹਿੰਦਾ ਹੈ- ਮਾਨਵਤਾ ਦਾ ਸਹੀ ਅਧਿਐਨ ਮਾਨਵ ਦਾ ਅਧਿਐਨ ਹੈ। 'Proper Study of Mankind is Man.' ਸ਼ੇਖ ਫ਼ਰੀਦ ਕਹਿੰਦੇ ਹਨ:

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖ ਨ ਲੇਖ।
ਆਪਨੜੇ ਗਿਰਿਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ।[1]

ਇਹੋ ‘ਸਿਰ ਨੀਵਾਂ' ਕਰਕੇ ਆਪਣੇ ਅੰਤਰੀਵ ’ਤੇ ਝਾਤ ਪਾਉਣਾ ਆਪਣੇ ‘ਸਵੈ’ ਦੀ, ਆਪਣੇ ਅਸਤਿਤਵ ਦੀ ਪਛਾਣ ਕਰਨਾ ਹੈ। ਗੁਰੂ ਸਾਹਿਬ ਫ਼ਰਮਾਉਂਦੇ ਨੇ 'ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ (ਆ.ਗ੍ਰੰ ਪੰ. 1192) ਦਰਅਸਲ ਅਸਤਿਤਵਵਾਦ ਆਪਣੀ ਮੈਂ (I) ਦੀ ਸਮਝ ਰਾਹੀਂ ਦੂਜੇ ਦੀ ਮੈਂ (The Other I) ਤੱਕ ਪਹੁੰਚਣ ਦਾ ਸਿਧਾਂਤ ਹੈ। ਪ੍ਰੋ. ਮੋਹਨ ਸਿੰਘ ਨੇ ਰੱਬ ਨੂੰ ਇੱਕ ਗੁੰਝਲਦਾਰ ਬੁਝਾਰਤ ਕਿਹਾ ਹੈ, ਜਿਸ ਦੇ ਪੇਚ ਖੋਲ੍ਹਦਿਆਂ ਬੰਦਾ ਖ਼ੁਦ ਕਾਫ਼ਰ ਬਣ ਜਾਂਦਾ ਹੈ। ਪਰ ਕਵੀ ਦਾ ਕਹਿਣਾ ਹੈ ਕਿ ਕਾਫ਼ਰ ਹੋਣ ਤੋਂ ਡਰਕੇ ਖੋਜ ਦੇ ਪੈਂਡੇ ਉੱਪਰ ਚੱਲਣ ਤੋਂ ਖੁੰਝਣਾ ਨਹੀਂ ਚਾਹੀਦਾ। ਠੀਕ, ਰੱਬ ਇੱਕ ਗੁੰਝਲਦਾਰ ਪਹੇਲੀ ਹੈ ਪਰ ‘ਮੈਂ' ਤਾਂ ਉਸਤੋਂ ਵੀ ਵੱਡੀ ਪਹੇਲੀ ਹੈ। ਸਰੀਰ ਦੇ ਕਾਬੂ ਵਿੱਚ ਹੋਣ ਤੇ ਵੀ ਬੰਦਾ ਆਪਣੀ ‘ਮੈਂ’ ਨੂੰ ਸਮਝਣ ਤੋਂ ਖੁੰਝਦਾ ਰਹਿੰਦਾ ਹੈ। ਇਹੋ ਬੰਦੇ ਦਾ ਦੁਖਾਂਤ ਹੈ। ਸੇਂਟ ਅਗਸਟਨ ਨੇ ਵੀ ਇਹੋ ਕਿਹਾ ਹੈ ਕਿ 'ਸਵੈ ਨੂੰ ਜਾਣੋ' (Know Thyself) ਅਸਤਿਤਵਵਾਦੀਆਂ ਵੱਲੋਂ ਅਸਤਿਤਵ ਦੀ ਮੁੱਖ ਰੂਪ ਵਿੱਚ ਵੰਡ ਦੋ ਭਾਗਾਂ ਵਿੱਚ ਕੀਤੀ ਗਈ ਹੈ। ਪ੍ਰਮਾਣਿਕ ਅਤੇ ਅਪ੍ਰਮਾਣਿਕ। ਪ੍ਰਮਾਣਿਕ ਅਸਤਿਤਵ ਹਮੇਸ਼ਾ ਹੀ ਕਥਨੀ ਅਤੇ ਕਰਨੀ ਦਾ ਪੂਰਾ ਹੁੰਦਾ ਹੈ। ਉਹ ਚੰਗੀਆਂ ਗੱਲਾਂ ਦਾ ਕੇਵਲ ਪ੍ਰਚਾਰ ਹੀ ਨਹੀਂ ਕਰਦਾ, ਆਪ ਵੀ ਅਮਲ ਕਰਦਾ ਹੈ। ਉਸਨੂੰ ਫਰਜ਼ ਅਤੇ ਜ਼ਿੰਮੇਵਾਰੀ (Duty and obligation) ਦਾ ਅਹਿਸਾਸ ਹੁੰਦਾ ਹੈ। ਇਸ ਨੁਕਤੇ ਨੂੰ ਸਾਰਤਰ ਨੇ 1946 ਵਿੱਚ ਲਿਖੇ ਇਕ ਨਿਬੰਧ Existentialism is Humanism ਵਿੱਚ ਸਪਸ਼ਟ ਕੀਤਾ ਹੈ ਕਿਉਂਕਿ Being and Nothing ਵਿੱਚ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ)/19

  1. ਉਹੀ, ਸ਼ਲੋਕ, 61