ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਛੋਕੜ ਵਿੱਚ ਨਜਮਾ ਦੀ ਹੋਣੀ ਹੀ ਕਾਰਜਸ਼ੀਲ ਹੈ। ਇੱਥੋਂ ਤੱਕ ਕਿ ਮਲਿਕ ਅੱਲ੍ਹਾ ਯਾਰ ਦੇ ਪਰਿਵਾਰ ਵੱਲੋਂ ਬੇਮੁੱਖ ਹੋਣ ਪਿੱਛੇ ਇਹ ਘਟਨਾ ਮੁੱਖ ਕਾਰਨ ਬਣਦੀ ਹੈ। ਇਨ੍ਹਾਂ ਹਾਲਾਤਾਂ ਦੇ ਮੱਦ-ਏ-ਨਜ਼ਰ ਨੱਜੀ ਆਪਣੇ ਆਪ ਨੂੰ ਅਸਤਿਤਵਹੀਣ ਮਹਿਸੂਸ ਕਰਦੀ ਹੈ ਜਦੋਂ ‘ਆਪਾ’ ਉਸਨੂੰ ਨਿਕਾਹ ਕਰਨ ਲਈ ਕਹਿੰਦੀ ਹੈ ਤਾਂ ਨੱਜੀ ਕਹਿੰਦੀ ਹੈ:

" ......ਮੇਰੇ ਦਿਲ ਵਿੱਚ ਕੋਈ ਜਜ਼ਬਾ ਨਹੀਂ, ਨਾ ਮੇਰੀ ਉਮਰ ਰਹੀ ਏ।"
"ਮੈਂ ਤੋਤੇ ਟੁੱਕਿਆ ਅਮਰੂਦ, ਉਗਲੱਛੀ ਹੋਈ ਹੱਡੀ,
ਮੇਰਾ ਅਜੇ ਦਿਲ ਨਹੀਂ ਮੰਨਦਾ।"[1]

ਬੇਸ਼ੱਕ ਨੱਜੀ ਖ਼ਾਲਿਦ ਦੇ ਮਨ ਵਿੱਚ ਵੀ ਵਸੀ ਹੋਈ ਸੀ ਪਰ ਅਨੂੰ (ਅਨਵਾਰ) ਉਸ ਨਾਲ ਨਿਕਾਹ ਕਰਵਾਉਣ ਵਿੱਚ ਸਫ਼ਲ ਰਿਹਾ।

ਦਰਅਸਲ, ਅੱਲ੍ਹੜ ਜਵਾਨੀ ਦੇ ਆਖੇ ਲੱਗਕੇ ਜਦੋਂ ਨਜ਼ਮਾ ਸਰਵਰ ਦੇ ਕੁੱਤਿਆਂ ਵਾਲੇ ਡੇਰੇ ਪੁੱਜੀ, ਉਦੋਂ ਉਹ ਸਵੈ-ਹੋਂਦ (Being-in-itself) ਸੀ। ਉਸਨੂੰ ਦੁਨੀਆਂ ਦੀਆਂ ਠੱਗੀਆਂ, ਚਲਾਕੀਆਂ ਅਤੇ ਧੋਖਿਆਂ ਦਾ ਗਿਆਨ ਨਹੀਂ ਸੀ। ਪਰ ਮੰਦ ਭਾਗੀਆਂ ਘਟਨਾਵਾਂ ਤੋਂ ਬਾਅਦ ਉਸਦੇ ਅਸਤਿਤਵ ਨੇ ਵਿਕਾਸ (Transcend) ਕੀਤਾ ਅਤੇ ਉਹ ਆਪਣੇ ਫ਼ੈਸਲੇ ਆਪ ਕਰਨ ਲੱਗੀ। ਅਸਤਿਤਵਵਾਦ ਤਾਂ ਇਹੋ ਹੈ ਕਿ ਬੰਦਾ ਆਪਣੇ ਫ਼ੈਸਲੇ ਆਪ ਲਵੇ। Delmore Schwartz ਲਿਖਦਾ ਹੈ, "Existentialism means no one can take a bath for you."[2] ਜਿਵੇਂ ਪੰਜਾਬੀ ਅਖਾਣ ਏ ਪਈ ਆਪ ਮਰੇ ਬਿਨਾਂ ਸੁਰਗ ਨਹੀਂ ਜਾਇਆ ਜਾ ਸਕਦਾ। ਇੰਜ ਉਸਨੇ ਆਪਣੀ ਮਰਜ਼ੀ ਨਾਲ ਅਨੂੰ (ਅਨਵਰ) ਨਾਲ ਵਿਆਹ ਕਰਵਾਇਆ। ਨੈਨਾਂ ਨੂੰ ਕੰਜਰਾਂ ਤੋਂ ਸੁਤੰਤਰ ਕਰਵਾਉਣ ਸਮੇਂ ਵੀ ਉਹ ਦੋਚਿੱਤੀ (Bad faith) ਵਿੱਚ ਸੀ ਪਰ ਹੌਲੀ ਹੌਲੀ ਉਸਦੀ ਮਮਤਾ ਜਾਗੀ ਅਤੇ ਉਹ ਅਨੂੰ ਅਤੇ ਖ਼ਾਲਿਦ ਦੀ ਸਹਾਇਤਾ ਨਾਲ਼ ਨੈਨਤਾਰਾ ਨੂੰ ਨਰਕ-ਕੁੰਡ ਵਿੱਚੋਂ ਕੱਢਣ ਵਿੱਚ ਸਫ਼ਲ ਹੋਈ। ਪਰ ਯਤੀਮ ਨੈਨਤਾਰਾ ਨੂੰ ਪਨਾਹ ਦੇਣ ਬਦਲੇ ਖ਼ਾਲਿਦ ਨੂੰ ਬੜੀ ਬਦਨਾਮੀ ਪੱਲੇ ਪਈ।

ਨਾਵਲ ਵਿੱਚ ਉਸਦੀ ਪੇਸ਼ਕਾਰੀ ਇਹ ਵੀ ਸਿੱਧ ਕਰਦੀ ਹੈ ਕਿ ਮਨੁੱਖ ਔਰਤ ਨੂੰ ਵਰਤਣ ਵਾਲੀ ਸ਼ੈਅ (Commodity) ਤੋਂ ਵੱਧ ਕੁੱਝ ਨਹੀਂ ਸਮਝਦਾ। ਉਹ ਸਰਵਰ ਦੇ ਪੰਜੇ ਵਿੱਚ ਆਈ ਉਸਨੂੰ ਕਹਿੰਦੀ ਹੈ:
"ਮੈਂ ਏਹੋ ਜੇਹੀ ਨਹੀਂ, ਮੈਨੂੰ ਛੱਡ ਦਿਓ।"
ਤਾਂ ਸਰਵਰ ਕਹਿੰਦਾ ਹੈ:
"ਤੂੰ ਕੋਈ ਛੱਡਣ ਵਾਲੀ ਸ਼ੈਅ ਏਂ"[3]
ਮਲਿਕ ਅੱਲ੍ਹਾ ਯਾਰ ਖਾਂ ਦੀਆਂ ਤਿੰਨ ਕੁੜੀਆਂ ਸਨ, ਮੁੰਡਾ ਕੋਈ ਨਹੀਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 195

  1. ਮੁਹੰਮਦ ਮਨਸ਼ਾ ਯਾਦ, ਉਹੀ, ਪੰਨਾ 294
  2. The Tribune Dated 11-6-2013
  3. ਮੁਹੰਮਦ ਮਨਸ਼ਾ ਯਾਦ, ਉਹੀ, ਪੰਨਾ 148