ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ। ਸੈਦੋ ਤਰਖਾਣ ਵੀ ਚੱਲ ਪਿਆ ਪਰ ਉਸਨੂੰ ਕਿਸੇ ਕਾਫ਼ਰ ਨੂੰ ਵੱਢਣ ਦਾ ਸੁਆਦ ਨਾ ਆਇਆ ਜਿਵੇਂ ਕਿ ਉਸਨੂੰ ਤਾਜਾ ਕਹਿੰਦਾ ਸੀ ਕਿ ਸੁਆਦ ਹੀ ਵੱਖਰਾ ਏ। ਤਾਜੇ ਨੇ ਸੈਦੋ ਨੂੰ ਜਥੇ ਤੋਂ ਪਿੱਛੇ ਰਹਿ ਜਾਣ ਦਾ ਸੰਕੇਤ ਕੀਤਾ। ਇੱਕ ਬੁੱਢਾ ਲੰਙ ਮਾਰਦਾ ਪਿਛੇ ਆ ਰਿਹਾ ਸੀ। ਸੈਦੋ ਨੇ ਉਸਨੂੰ ਲੰਮਾ ਪੈਣ ਤੇ ਸਿਰ ਪਿੱਛੇ ਕਰਨ ਲਈ ਆਖਿਆ। ਤੁਰੰਤ ਉਸਦੀ ਗਰਦਨ ਤੇ ਛੁਰਾ ਖੋਭ ਦਿੱਤਾ। ਬੱਢੇ ਨੇ ਹਾਏ ਬੂ ਬਿਲਕੁੱਲ ਨਾ ਕੀਤੀ। ਸੈਦ ਨੂੰ ਉਸਤੋਂ ਭੈਅ ਆਉਣ ਲੱਗ ਪਿਆ। ਸੈਦੂ ਪਛਤਾਇਆ ਕਿ ਉਸ ਪਹਿਲਾਂ ਹੀ ਮਰੇ ਬੰਦੇ ਨੂੰ ਮਾਰ ਦਿੱਤਾ। ਕਤਲ ਹੋਣ ਵਾਲੇ ਦੀਆਂ ਬਿਟ ਬਿਟ ਕਰਦੀਆਂ ਅੱਖਾਂ ਉਸਦਾ ਹਮੇਸ਼ਾ ਪਿੱਛਾ ਕਰਦੀਆਂ ਰਹਿੰਦੀਆਂ ਸਨ। ਛੁਰੀ ਨਹਿਰ ਵਿੱਚ ਸੁੱਟਕੇ ਉਹ ਪਿੱਛੇ ਵੱਲ ਨੱਸਿਆ। ਉਸਦੀ ਅੰਤਹ-ਕਰਨ/ਜ਼ਮੀਰ ’ਤੇ ਬੋਝ ਪੈ ਗਿਆ। ਇਹ ਜ਼ਮੀਰ ਕੀ ਹੈ? ਇਸ ਬਾਰੇ ਮਾਰਟਿਨ ਡੀਡਿਗਰ ਲਿਖਦਾ ਹੈ:

"Conscience is the call of the self to the self-the authentic self to the fallen self. It belongs to the very structure of man's being as having a relation to himself."[1]

ਅਰਥਾਤ ਜ਼ਮੀਰ ਸਵੈ ਨੂੰ ਸਵੈ ਦਾ ਬੁਲਾਵਾ ਹੁੰਦਾ ਹੈ-ਪ੍ਰਮਾਣਿਕ ਅਸਤਿਤਵ ਦੀ ਪਤਿਤ ਅਸਤਿਤਵ ਨੂੰ ਆਵਾਜ਼ ਹੁੰਦੀ ਹੈ। ਇਸਦਾ ਸੰਬੰਧ ਬੰਦੇ ਦੀ ਹੋਂਦ ਦੀ ਬਣਤਰ ਨਾਲ ਹੁੰਦਾ ਹੈ ਜਿਸਦਾ ਉਸਦੀ ਖ਼ੁਦੀ ਨਾਲ ਰਿਸ਼ਤਾ ਹੁੰਦਾ ਹੈ।

ਅਜਿਹੀ ਜ਼ਮੀਰ ਉਦੋਂ ਜਾਗਦੀ ਹੈ ਜਦੋਂ ਬੰਦਾ ਭੀੜ ਤੋਂ ਵੱਖ ਹੋ ਕੇ ਪੂਰੀ ਚਿੰਤਾ ਵਿੱਚ ਆਪਣੇ ਸਵੈ ਦੇ ਸਨਮੁਖ ਹੁੰਦਾ ਹੈ।

ਸੈਦੂ ਨਾਲ ਵੀ ਅਜਿਹਾ ਹੀ ਵਾਪਰਦਾ ਹੈ। ਉਸ ਤੋਂ ਬਾਅਦ ਉਹ ਘੱਟ ਬੋਲਦਾ ਹੈ। ਉਸਦਾ ਹਾਸਾ ਉੱਡ ਗਿਆ ਹੈ। ਕਿਸੇ ਦੇ ਸਵਾਲ ਦਾ ਜਵਾਬ ਕੇਵਲ ‘ਹਾਂ’ ‘ਨਾਂ’ ਵਿੱਚ ਦਿੰਦਾ ਹੈ। ਨਮਾਜ਼ ਪੜ੍ਹਦਾ ਹੈ ਪਰ ਲੋਕਾਂ ਤੋਂ ਵੱਖਰਾ ਹੋ ਕੇ। ਲੋਕੀ ਨਮਾਜ਼ ਪੜ੍ਹਕੇ ਚਲੇ ਜਾਂਦੇ। ਉਹ ਵਜ਼ੂ ਹੀ ਕਰਦਾ ਰਹਿੰਦਾ। ਉਹ ਕਤਲ ਦੀ ਵਾਰਦਾਤ ਦਾ ਵੀ ਕਿਸੇ ਨਾਲ ਜ਼ਿਕਰ ਨਹੀਂ ਕਰਦਾ। ਥੋੜਾ ਬਹੁਤ ਤਾਜੇ ਨੂੰ ਪਤਾ ਹੋ ਸਕਦਾ ਹੈ। ਮੌਲਵੀ ਉਸਨੂੰ ਇੱਕ ਦਿਨ ਕਹਿੰਦਾ ਹੈ:

"ਨਮਾਜ਼ ਸੁਣਾ"
"ਕਿਉਂ?"
"ਤਾਂ ਜੋ ਪਤਾ ਲੱਗੇ ਤੈਨੂੰ ਆਉਂਦੀ ਏ ਕਿ ਨਹੀਂ?"
"ਜਿਵੇਂ ਦੀ ਵੀ ਆਉਂਦੀ ਏ ਇਹ ਮੇਰਾ ਤੇ ਰੱਬ ਦਾ ਮਾਮਲਾ ਏ
ਤੁਹਾਨੂੰ ਕਿਉਂ ਸੁਣਾਵਾਂ?"[2]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 201

  1. John Macquarrie, An Existential Theology, P. 134
  2. ਮੁਹੰਮਦ ਮਨਸ਼ਾ ਯਾਦ. ਉਹੀ, ਪੰਨਾ