ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧਿਆਇ ਚੌਦਵਾਂ

ਮੁਸੱਲੀ

ਨਾਟਕ ਪਾਕਿਸਤਾਨੀ ਤਰੱਕੀ-ਪਸੰਦ ਅਦੀਬ ਮੇਜਰ ਇਸਹਾਕ ਮੁਹੰਮਦ ਦੀ ਪਲੇਠੀ ਪਰ ਉਦੇਸ਼-ਪੂਰਨ ਸਫ਼ਲ ਰਚਨਾ ਹੈ। ਇਹ ਇੱਕ ਸਥਾਪਤ ਸੱਚ ਹੈ ਕਿ ਜਿਸ ਰਚਨਾ ਵਿੱਚ ਵੀ ਮਾਨਵੀ ਕਿਰਦਾਰ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਹੁੰਦੇ ਹਨ, ਉਹ ਸਭ ਕਿਰਦਾਰ ਆਪਣੇ ਅਸਤਿਤਵ ਦਾ ਰਚਨਾ ਵਿੱਚ ਪ੍ਰਗਟਾਵਾ ਕਰਦੇ ਹਨ। ਤਰੱਕੀ ਪਸੰਦ ਰਚਨਾਵਾਂ ਵਿੱਚ ਪ੍ਰਸਤੁਤ ਪਾਤਰਾਂ ਦਾ ਅਸਤਿਤਵਵਾਦੀ ਅਧਿਐਨ ਆਪਣਾ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਜੋ ਅਜਿਹੇ ਪਾਤਰਾਂ ਦਾ ਕਿਰਦਾਰ ਹੀ ਮਾਨਵੀ ਜੀਵਨ ਨੂੰ ਅਗਾਂਹ-ਵਧੂ ਲੀਹਾਂ ਤੇ ਚੱਲਣ ਲਈ ਮਾਰਗ-ਦਰਸ਼ਨ ਵਿੱਚ ਮੋਢੀਆਂ ਵਾਲੀ ਭੂਮਿਕਾ ਨਿਭਾਉਣ ਵਿੱਚ ਸਹਾਈ ਹੁੰਦਾ ਹੈ। ਇਸ ਪ੍ਰਕਾਰ ਦਾ ਅਧਿਐਨ ਨਾਂਹ-ਪੱਖੀ ਰੋਲ ਅਦਾ ਕਰਨ ਵਾਲੇ ਪਾਤਰਾਂ ਦਾ ਵਿਸ਼ਲੇਸ਼ਨ ਕਰਨ ਵਿੱਚ ਵੀ ਸਹਾਈ ਹੁੰਦਾ ਹੈ।

'ਮੁਸੱਲੀ' ਨਾਟਕ ਤਿੰਨ ਅੰਕਾਂ ਵਿੱਚ ਵੰਡਿਆ ਹੋਇਆ ਹੈ, ਪਹਿਲੇ ਐਕਟ ਦੇ ਤਿੰਨ ਸੀਨ; ਦੂਜੇ ਦੇ ਦੋ ਸੀਨ ਅਤੇ ਤੀਜੇ ਐਕਟ ਦੇ ਤਿੰਨ ਸੀਨ ਹਨ। ਐਕਟ ਪਹਿਲਾ, ਸੀਨ ਪਹਿਲਾ, ਵਿੱਚ ਨਾਟਕਕਾਰ ਨੇ ਨਾਇਕ ਅਤੇ ਨਾਇਕਾ ਨੂੰ ਇੱਕ ਉਜਾੜ ਬੀਆਬਾਨ ਵਿੱਚ ਆਪਣੇ ਲੋੜੀਂਦੇ ਸਾਮਾਨ ਸਮੇਤ ਬੇਵਸੀ ਦੀ ਹਾਲਤ ਵਿੱਚ ਪੇਸ਼ ਕੀਤਾ ਹੈ। ਨਾਟਕ ਦੇ ਆਰੰਭ ਵਿੱਚ 'ਰੁੱਤਾ' ਨਾਇਕ ਸੁਲਤਾਨ ਬਾਹੂ ਦੀ ਸੀਹਰਫ਼ੀ ਦਾ ਇੱਕ ਬੰਦ ਕੰਨ 'ਤੇ ਹੱਥ ਧਰਕੇ ਪੂਰੀ ਦਰਦ ਭਰੀ ਆਵਾਜ਼ ਵਿੱਚ ਗਾਉਂਦਾ ਹੈ- "ਕਾਫ਼: ਕੂਕ ਦਿਲਾਂ, ਮਤਾਂ ਰੱਬ ਮੰਨੇਂ/ ਦਰਦ ਦਰਦਮੰਦਾਂ ਦੀਆਂ ਆਹੀਂ ਹੁ।" ਇਤਨੇ ਨੂੰ ਪੁਲੀਸ ਦਾ ਇਕ ਸਿਪਾਹੀ ਆਉਂਦਾ ਹੈ। ਜਿਸਨੂੰ 'ਸਾਬਾਂ' ਨਾਇਕਾ ਬਿਜੂ ਨਾਲ ਤੁਲਨਾ ਦਿੰਦੀ ਹੈ। ਇਹ ਦੋਵੇਂ ਜਿਸ ਨਗਰ ਵਿੱਚੋਂ ਉਜੜਕੇ ਆਏ ਨੇ ਉਥੋਂ ਦਾ ਰਾਏ ਸਲਾਬਤ ‘ਸਾਬਾਂ' ਨਾਲ ਸ਼ਾਦੀ ਕਰਵਾਉਣੀ ਚਾਹੁੰਦਾ ਸੀ ਪਰ ‘ਸਾਬਾਂ' ਤਾਂ ਪਹਿਲਾਂ ਹੀ 'ਰੁੱਤਾ’ ਦੀ ਹੋ ਚੁੱਕੀ ਸੀ। ਜਦੋਂ ਰਾਏ ਸਲਾਬਤ ਨੂੰ ਉਸਦੇ ਪੇਟ ਵਿੱਚ ਕਿਸੇ ਹੋਰ ਦੇ ਬੱਚੇ (ਅਨਾਇਤੇ) ਦਾ ਪਤਾ ਚੱਲਦਾ ਹੈ ਤਾਂ 'ਰਾਏ' ਆਪਣੇ ਆਪ ਹੀ ਇਸ ਵਿਆਹ ਤੋਂ ਇਨਕਾਰ ਕਰ ਦਿੰਦਾ ਹੈ। ਇਸ ਉਜਾੜ ਵਿੱਚ ਆਉਣ ਤੋਂ ਪਹਿਲਾਂ ਉਹ ‘ਅਨਾਇਤੇ' ਨੂੰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 203