ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਬਰਦਸਤੀ ਕਰਨ ਲਈ ਪ੍ਰੇਰਦਾ ਹੈ ਅਤੇ ਦੱਸਦਾ ਹੈ ਕਿ ਉਸਨੇ ਤਾਂ ਕਦੇ ਕਿਸੇ ਮੁਜ਼ਾਰਨ ਨੂੰ ਮਾਫ਼ ਨਹੀਂ ਕੀਤਾ ਪਰ ਇਕਤਦਾਰ ਦਾ ਹੀਆ ਨਹੀਂ ਪੈਂਦਾ। ਨਾਦਿਰ ਰੁੱਤੇ ਨੂੰ ਕਿਧਰੇ ਬਾਹਰ ਭੇਜਣ ਦਾ ਸੁਝਾਓ ਦਿੰਦਾ ਹੈ ਜਿਸਨੂੰ ਇਕਤਦਾਰ ਪੈਸੇ ਨਾਲ ਹੱਲ ਕਰਨਾ ਲੋਚਦਾ ਹੈ ਪਰ ਉਹ ਆਪਣੀ ਤਬੀਅਤ ਨੂੰ ਸ਼ਹਿਰ ਰਹਿਕੇ, ਸੋਹਲ ਹੋ ਗਈ ਵੀ ਮੰਨਦਾ ਹੈ ਜੋ ਬੈਠੇ ਉੱਤੇ ਬੰਦੂਕ ਨਹੀਂ ਚਲਾ ਸਕਦਾ। ਸਾਈਮਨ ਡੀ-ਬੋਵੇਰ ਨੇ ਸ਼ਾਇਦ ਇਸੇ ਸਥਿਤੀ ਸੰਬੰਧੀ ਲਿਖਿਆ ਹੋਣੈ:

"No one is more arrogant towards women, more aggressive or scornful than the man who is anxious about his virility."[1]

ਨਾਦਿਰ ਤਾਂ ਇਕਤਦਾਰ ਨੂੰ ਕਮਰੇ 'ਚ ਆਉਂਦੀ ਨੂੰ ਹੀ ਢਾਹ ਲੈਣ ਦਾ ਸੁਝਾਓ ਦਿੰਦਾ ਹੈ। ਦਾਰੂ ਪੀ ਕੇ ਗੱਲਾਂ ਉਪਰੰਤ ਉਹ ਲੁੱਡੀ ਪਾਉਂਦੇ ਹਨ। ਸਾਬਾਂ ਨੂੰ ਬੁਲਾਇਆ ਜਾਂਦਾ ਜੋ ਲੁੱਡੀ ਦਾ ਇੱਕ ਚੱਕਰ ਲਾ ਕੇ ਚਲੀ ਜਾਂਦੀ ਹੈ। ਅਜਿਹਾ ਹੋਣ ਤੇ ਨਾਦਿਰ ਹਤਕ ਮਹਿਸੂਸ ਕਰਦਾ ਹੈ। ਫਿਰ ਉਹ ਇੱਕ ਦੂਜੇ ਨੂੰ ਨੀਵੀਂ ਜਾਤ ਦੇ ਮੇਹਣੇ ਮਾਰਨ ਲੱਗ ਜਾਂਦੇ ਹਨ।

ਐਕਟ ਦੂਜੇ ਦੇ ਦੂਜੇ ਦ੍ਰਿਸ਼ ਵਿੱਚ ਰੁੱਤੇ ਨੂੰ ਲਾਂਭੇ ਭੇਜੇ ਜਾਣ ਦਾ ਹੁਕਮ ਸੁਣਾਇਆ ਜਾਂਦਾ ਹੈ। ਰੁੱਤਾ ਆਉਣ ਵਾਲੇ ਖ਼ਤਰੇ ਦੀ ਸੰਭਾਵਨਾ ਤੋਂ ਵਾਕਫ਼ ਹੈ। ਜਾਣ ਤੋਂ ਪਹਿਲਾਂ ਸਾਬਾਂ ਨੂੰ ਸਾਵਧਾਨ ਕਰਦਾ ਹੈ ਕਿ ਉਹ ਪੈਸਿਆਂ ਦੇ ਲਾਲਚ ਵਿੱਚ ਨਾ ਆ ਜਾਵੇ। ਪਰ ਅਸਤਿਤਵਵਾਦੀਆਂ ਅਨੁਸਾਰ ਪੈਸਿਆਂ ਨਾਲ ਅਸਤਿਤਵ ਖਰੀਦਿਆ ਨਹੀਂ ਜਾ ਸਕਦਾ, ਨਾ ਹੀ ਇਹ ਪੈਸਿਆਂ ਨਾਲ਼ ਬਣਦਾ ਹੈ। ਰੱਤਾ ਜਾਂਦਾ ਹੋਇਆ ਸਾਬਾਂ ਨੂੰ ‘ਹੜੱਪੇ' ਦੀ ਲਾਜ ਰੱਖਣ ਲਈ ਕਹਿੰਦਾ ਹੈ। ਅਤਰ ਦੀਆਂ ਖ਼ੁਸ਼ਬੋਆਂ ਲੈਂਦਾ ਇਕਤਦਾਰ ਹਾਜ਼ਰ ਹੁੰਦਾ ਹੈ। ਸਾਬਾਂ ਨੂੰ ਸੋਫ਼ੇ ਤੇ ਬਰਾਬਰ ਬੈਠਣ ਲਈ ਕਹਿੰਦਾ ਹੈ। ਇਕਤਦਾਰ ਹੀਰ ਨੂੰ ਪੰਜਾਬ ਦੇ ਮੱਥੇ ਦਾ ਟਿੱਕਾ ਕਹਿੰਦਾ ਹੈ, ਸਾਬਾਂ ਆਪਣੇ ਆਪ ਨੂੰ ਹੜੱਪੇ ਦੇ ਮੱਥੇ ਦਾ ਟਿੱਕਾ ਕਹਿੰਦੀ ਹੈ। ਸਾਬਾਂ ਦੇ ਹੁਸਨ ਦੀ ਤਾਰੀਫ਼ ਕਰਦਾ ਇਕਤਦਾਰ ਉਸ ਵੱਲ ਵਧਦਾ ਹੈ। ਖੀਸੇ ਚੋਂ ਕੱਢਕੇ ਨੋਟ ਪੇਸ਼ ਕਰਦਾ ਹੈ। ਇਕਤਦਾਰ ਜਬਰਦਸਤੀ ਕਰਨ ਲੱਗਦਾ ਹੈ, ਸਾਬਾਂ ਉਸਨੂੰ ਧੱਕਾ ਦੇ ਕੇ ਪਰੇ ਸੁੱਟਦੀ ਹੈ। ਉਸਦੀਆਂ ਚੂੜੀਆਂ ਟੁੱਟ ਜਾਂਦੀਆਂ ਹਨ। ਇਕਤਦਾਰ ਨੂੰ ਪਲੰਘ 'ਤੇ ਪਾਉਣ ਲੱਗਦੀ ਹੈ। ਰੁੱਤਾ ਦਾਖ਼ਲ ਹੁੰਦਾ ਹੈ। ਇਕਤਦਾਰ ਨੂੰ ਸਿਰ ਵਿੱਚ ਡਾਂਗ ਮਾਰਕੇ ਮਾਰ ਦਿੰਦਾ ਹੈ। ਸਾਬਾਂ ਆਪਣੇ ਅਸਤਿਤਵ ਦੀ ਪ੍ਰਮਾਣਿਕਤਾ (Authenticity) ਪੇਸ਼ ਕਰਦੀ ਹੋਈ ਕਹਿੰਦੀ ਹੈ:

"ਚੂੜੀਆਂ ਕਦੀ ਪਵਾਂਦੀ ਵੱਲ ਵੀ ਭੱਜੀਆਂ ਨੇ। ਔਹ ਵੇਖ ਮੇਰੇ ਦਰਕਾਰੇ ਹੋਏ ਨੋਟ। ਧੱਕਾ ਦੇ ਕੇ ਵਿਚਾਰੇ ਨੂੰ ਸੁੱਟ ਛੱਡਿਆ ਹਈ। ਹੁਣ ਪਲੰਘ ਤੇ ਪਾਉਂਦੀ ਪਈ ਸਾਂ, ਲੋਹੜਾ ਕੀਤਾ ਈ।"[2]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 209

  1. Simon de Beauvoir Quotes (Author of the Second Sex) Www. goodreads.com/Author/quotes /5548 Simon de Beauvoir 4/4
  2. ਮੇਜਰ ਇਸਹਾਕ ਮੁਹੰਮਦ, ਉਹੀ, ਪੰਨਾ 75