ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਕਟ ਤੀਜੇ ਦਾ ਸੀਨ ਦੂਜਾ ਥਾਣੇ ਦੇ ਇਕ ਕਮਰੇ ਦਾ ਹੈ ਜਿਸ ਵਿੱਚੋਂ ਇੱਕ ਬਾਰੀ ਬਾਹਰ ਵੱਲ ਖੁਲ੍ਹਦੀ ਹੈ। ਸਾਬਾਂ ਇਸ ਕਮਰੇ ਵਿੱਚ ਅੱਜ ਪੂਰੀ ਦੁਖੀ ਹੈ ਕਿਉਂਕਿ ਉਸ ਪਾਸ ਸੌਣ ਵਾਲੀ ਮਾਈ ਵੀ ਚਲੀ ਗਈ ਹੈ। ਉਹ ਇਕੱਲੀ ਹੈ। ਕੁੱਝ ਸਮੇਂ ਤੱਕ ਉਸਨੂੰ ਥਾਣੇਦਾਰ ਦੀ ਹਵਸ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਸਪਸ਼ਟ ਨਜ਼ਰ ਆਉਂਦੀ ਹੈ। ਕਦੀ ਉਹ ਰੁੱਤੇ ਬਾਰੇ ਸੋਚਦੀ ਹੈ ਖ਼ਬਰੇ ਉਸਦਾ ਕੀ ਹਾਲ ਹੋਵੇਗਾ। ਕਦੀ ਬੁੱਢਣ ਸ਼ਾਹ ਅਤੇ ਅੰਮਾਂ ਦੇ ਬਦਲੇ ਵਤੀਰੇ ਬਾਰੇ ਸੋਚਦੀ ਹੈ। ਕਦੀ ਰੱਬ ਨੂੰ ਪ੍ਰਾਰਥਨਾ ਕਰਦੀ ਹੈ, ਪਰ ਰੱਬ ਤਾਂ ਖ਼ਾਨਮ (ਇੱਕ ਗੁਜਰਾਤੀ ਔਰਤ ਨਾਲ ਵਾਪਰੇ ਦੁਖਾਂਤ) ਵੇਲੇ ਵੀ ਨਹੀਂ ਸੀ ਬਹੁੜਿਆ। ਇਉਂ ਹਾਈਡਿਗਰ ਦੀ ਟਰਮੀਨਾਲੋਜੀ ਅਨੁਸਾਰ ਰੱਬ ਉਦੋਂ ਵੀ ਗੈਰਹਾਜਰ (Absence of God) ਰਿਹਾ। ਉਹ ਆਤਮ-ਹੱਤਿਆ ਕਰਨਾ ਚਾਹੁੰਦੀ ਵੀ ਹੈ, ਨਹੀਂ ਵੀ। ਇਥੇ ਗੈਬਰੀਲ ਮਾਰਸ਼ਲ ਦਾ ਨੁਕਤਾ ਵਿਚਾਰਨਯੋਗ ਹੈ। ਉਹ ਕਿਹੜੀ 'ਮੈਂ' ਹੈ ਜੋ ਉਸਨੂੰ ਜਿਉਣ ਲਈ ਪ੍ਰੇਰਦੀ ਹੈ ਅਤੇ ਉਹ ਕਿਹੜੀ 'ਮੈਂ' ਹੈ ਜੋ ਮਰਨ ਲਈ ਪ੍ਰੇਰਦੀ ਹੈ। ਸਾਬਾਂ ਨੇ ਆਪਣੇ ਪੁੱਤਰ ਅਨਾਇਤੇ ਦੇ ਸਿਹਰੇ ਲੱਗਦੇ ਨਹੀਂ ਵੇਖੇ-ਇਸ ਲਈ ਉਹ ਜਿਉਣਾ ਚਾਹੁੰਦੀ ਹੈ। ਪਰ ਲੋਕ ਕਹਿਣਗੇ ਤੇਰੀ ਮਾਂ ਥਾਣੇਦਾਰ ਕੋਲ ਰਹੀ ਸੀ-ਇਸ ਲਈ ਉਹ ਅਨਾਇਤੇ ਖ਼ਾਤਰ ਹੀ ਉਸਨੂੰ 'ਬੋਲ’ ਤੋਂ ਬਚਾਉਣ ਲਈ ਮਰਨਾ ਚਾਹੁੰਦੀ ਹੈ। ਫਾਹਾ ਤਿਆਰ ਕਰ ਲੈਂਦੀ ਹੈ। ਜਦ ਨੂੰ ਰੁੱਤਾ ਪਹੁੰਚ ਜਾਂਦਾ ਹੈ। ਸਾਬਾਂ ਉਸਨੂੰ ਫੜੇ ਜਾਣ ਤੋਂ ਸਾਵਧਾਨ ਕਰਦੀ ਹੈ, ਅਨਾਇਤੇ ਦਾ ਧਿਆਨ ਰੱਖਣ ਲਈ ਕਹਿੰਦੀ ਹੈ। ਉਹ ਅਨਾਇਤੇ ਨੂੰ ਆਖੇ ਕਿ ਤੇਰੀ ਮਾਂ ਤਾਪ ਨਾਲ ਮਰ ਗਈ। ਉਸ ਦੇ ਮਾਪਿਆਂ ਨੂੰ ਆਖੇ ਕਿ ਸਵੇਰੇ ਉਸਦੀ ਲੋਥ ਲੈ ਜਾਣ। ਰੁੱਤਾ ਉਸਨੂੰ ਆਤਮ-ਹੱਤਿਆ ਤੋਂ ਵਰਜਦਾ ਹੈ। ਸਾਬਾਂ ਦੱਸਦੀ ਹੈ ਕਿ ਅੱਜ ਤੱਕ ਤਾਂ ਉਹ ਥਾਣੇਦਾਰਨੀ ਦੀ ਮਿਹਰ ਨਾਲ ਬਚੀ ਰਹੀ। ਰੁੱਤਾ ਸਾਬਾਂ ਨੂੰ ਚਾਕੂ ਦਿੰਦਾ ਹੈ ਜਿਸ ਨਾਲ ਸਾਬਾਂ ਧੱਕਾ ਕਰਨ ਲੱਗੇ ਥਾਣੇਦਾਰ ਨੂੰ ਮਾਰ ਦਿੰਦੀ ਹੈ। ਰੁੱਤਾ ਬਾਰੀ ਕੋਲ ਆ ਕੇ ਸਾਬਾਂ ਤੋਂ ਚਾਕੂ ਵਾਪਸ ਲੈ ਲੈਂਦਾ ਹੈ। ਰੁੱਤਾ ਦੂਰ ਜਾ ਕੇ ਨਾਹਰੇ ਮਾਰਦਾ ਹੈ। ਸਾਬਾਂ ਮਾਰ ਗਏ ਮਾਰ ਗਏ ਦੀਆਂ ਚੀਕਾਂ ਮਾਰਦੀ ਹੈ।

ਤੀਜੇ ਐਕਟ ਦੇ ਤੀਜੇ ਦ੍ਰਿਸ਼ ਵਿੱਚ ਇੱਟਾਂ ਦੇ ਭੱਠੇ 'ਤੇ ਰੁੱਤਾ ਆਪਣੀ ਮਨਬਚਨੀ ਵਿੱਚ ਲੋਕਾਂ ਨੂੰ ਉਡੀਕਦਾ ਹੈ। ਲੋਕ ਕੰਮ ਤੇ ਹਨ। ਸੋਚਦਾ ਹੈ ਸ਼ਾਇਦ ਉਸਨੂੰ ਕੰਮ ਮਿਲ ਜਾਵੇ ਥਾਣੇਦਾਰ ਦੇ ਕਤਲ ਮਗਰੋਂ ਲੋਕ ਉਸ ਤੋਂ ਡਰਨ ਲੱਗ ਪਏ ਹਨ। ਸ਼ਾਇਦ ਉਹ ਆਪਣੀ ਨਜਾਤ (Freedom) ਤੋਂ ਡਰਦੇ ਹੋਣ ਮਤੇ ਗੁਲਾਮੀ ਦਾ ਆਸਰਾ ਵੀ ਜਾਂਦਾ ਰਹੇ। ਨੀਤਸ਼ੇ ਗ਼ਰੀਬਾਂ/ਕਮਜ਼ੋਰਾਂ ਲਈ ਦਾਸ ਮਾਨਸਿਕਤਾ (Slave morality) ਨੂੰ ਸਹੀ ਠਹਿਰਾਉਂਦਾ ਹੈ। ਇਕਤਦਾਰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 213