ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂਰਾ ਸ਼ੰਕਾ ਕਰਦਾ ਹੈ ਕਿ ਸੰਸਾਰ ਵਿੱਚੋਂ ਬੰਦੇ ਬੰਦੇ ਦਰਮਿਆਨ ਫ਼ਰਕ ਮੁੱਕਦਾ ਨਜ਼ਰੀਂ ਨਹੀਂ ਪੈਂਦਾ। ਨੂਰਾ ਉਸਨੂੰ ਸਮਝਾਉਂਦਾ ਹੈ ਕਿ ਉਸਦਾ ਮਸ਼ੀਨ ਨਾਲ ਵਾਹ ਨਹੀਂ ਪਿਆ। ਮਸ਼ੀਨ ਤਾਂ ਜ਼ਾਤ-ਪਾਤ ਪਿੰਜਕੇ ਰੱਖ ਦਿੰਦੀ ਏ।.....ਜਿਸ ਵੇਲੇ ਮਿੱਲ ਗੇਟ ਤੇ ਹਾਜ਼ਰ ਹੋਈਦਾ ਏ, ਜਾਤ-ਪਾਤ ਮਜ਼ਬ, ਨਸਲ, ਕਬੀਲਾ ਇਵੇਂ ਹੀ ਬਾਹਰ ਛੱਡ ਦਈਦੇ ਨੇ, ਜਿਵੇਂ ਮਸੀਤੇ ਵੜਨ ਲੱਗਿਆਂ ਜੁੱਤੀਆਂ ਲਾਹ ਦਈ ਦੀਆਂ ਨੇ।' ਮਾਰਟਿਨ ਬੂਬਰ (Martin Buber) ਦਾ ਵਿਚਾਰ ਹੈ ਕਿ ਇੱਕ ਕਿਰਤੀ ਇੱਕ ਮਸ਼ੀਨ ਨਾਲ ਵੀ ਸੰਵਾਦ (Dialogue) ਰਚਾ ਲੈਂਦਾ ਹੈ।

ਮਾਰਟਿਨ ਹਾਈਡਿਗਰ ਸੰਸਾਰ ਨੂੰ ਸੰਦਾ ਦਾ ਸਿਸਟਮ (System of instruments) ਘੋਸ਼ਿਤ ਕਰਦਾ ਹੈ। ਨੂਰਾ ਰੁੱਤੇ ਨੂੰ ਹੜੱਪਿਉਂ ਕੱਢਕੇ ਅਜੋਕੀ ਸੂਝ ਪ੍ਰਦਾਨ ਕਰਦਾ ਹੈ। ਉਸਦਾ ਸਮਝਾਉਣਾ ਹੈ ਕਿ ਬ੍ਰਾਹਮਣਾ/ਪਾਦਰੀਆਂ ਆਦਿ ਨੇ ਜਿੱਥੇ ਅਸ਼ੁੱਭ ਕਾਰਜ ਕੀਤੇ ਹੋਣਗੇ ਉਥੇ ਨਾਲ ਹੀ ਚੰਗੇ ਕੰਮ ਵੀ ਕੀਤੇ ਨੇ:-

".....ਉਨ੍ਹਾਂ ਅੰਬ ਦਾ ‘ਅਲਫ਼' ਤੇ ਬਿੱਲੀ ਦੀ ‘ਬੇ’ ਬਣਾ ਕੇ ਇਲਮ ਦੇ ਦਰਵਾਜ਼ੇ ਸਭ ਲਈ ਖੋਲ੍ਹ ਦਿੱਤੇ ਨੇ- ਤੇ ਆਪਣਿਆਂ ਪੈਰਾਂ ਤੇ ਆਪ ਕੁਹਾੜੀ ਮਾਰ ਲਈ।[1]

ਨੂਰੇ ਦੇ ਨਿਮਨਲਿਖਤ ਵਿਚਾਰ ਵੀ ਮਾਰਟਿਨ ਹਾਈਡਿਗਰ ਦੇ ਵਿਚਾਰ ਸੰਸਾਰ ਸੰਦਾ ਦਾ ਸਿਸਟਮ ਨਾਲ ਕਿਸੇ ਹੱਦ ਤੱਕ ਮੇਲ ਖਾਂਦੇ ਹਨ:

‘ਮਸ਼ੀਨ ਜਦ ਚੱਲਦੀ ਏ ਤੇ ਇਹਦੇ ਉੱਤੇ ਕੰਮ ਕਰਨ ਵਾਲੇ ਦਸ ਹਜ਼ਾਰ ਆਦਮੀਆਂ ਦਾ ਇੱਕੋ ਆਦਮੀ ਬਣਾ ਦੇਂਦੀ ਏ। ਕਿਵੇਂ ਉਹਦੇ ਪਾਰੋਂ ਸੁਸਾਇਟੀ ਦੇ ਕੰਮ ਦੇ ਲਿਹਾਜ਼ ਨਾਲ ਤਕਸੀਮ ਹੋਂਦੀ ਏ। ਕੋਈ ਫਿਟਰ, ਕੋਈ ਮਸ਼ੀਨਮੈਨ, ਕੋਈ ਅਲੈਕਟ੍ਰੀਸ਼ਨ, ਕੋਈ ਫੋਰਮੈਨ।'[2]

ਤੁੱਲਾ ਇੱਥੇ ਇੱਕ ਹੋਰ ਅਸਤਿਤਵੀ ਸੱਚ ਉਜਾਗਰ ਕਰਦਾ ਹੈ ਕਿ ਕਿਰਤੀ ਜਿਹੜਾ ਸੰਦ ਵੀ ਹੱਥ ਵਿੱਚ ਫੜ ਲੈਂਦਾ ਹੈ, ਉਹੋ ਜਿਹੀ ਹੀ ਉਸਦੀ ਪਛਾਣ ਬਣ ਜਾਂਦੀ ਹੈ। ਨੂਰਾ ਦੱਸਦਾ ਹੈ ਕਿ ਪਿੰਡਾਂ ਵਿੱਚ ਜ਼ਮੀਨ ਦੀ ਮਾਲਕੀ (Having land) ਦਾ ਮਹੱਤਵ ਹੈ। ਉਹ ਪਿੰਡ ਦੇ ਮਜ਼ਦੂਰ ਨੂੰ ਆਪਣਾ ਸੰਬੰਧੀ ਸਮਝਦਾ ਹੈ ਪਰ ਮਸ਼ੀਨ ਦਾ ਮਹੱਤਵ ਇਹ ਹੈ ਕਿ ਉਹ ਦਸ ਹਜ਼ਾਰ ਮਜ਼ਦੂਰਾਂ ਨੂੰ ਅਨੁਸ਼ਾਸ਼ਨ ਵਿੱਚ ਲਿਆਉਂਦੀ ਹੈ। ਵਹਿਮ ਭਰਮ ਕੱਢ ਦਿੰਦੀ ਹੈ ਅਤੇ ਸੇਠ ਦੀ ਹੋਂਦ ਨੂੰ ਬੇਕਾਰ ਕਰ ਦਿੰਦੀ ਹੈ। ਰਲ ਮਿਲਕੇ ਮਜ਼ਦੂਰੀ ਕਰਨ ਨਾਲ ਸਮਾਜਵਾਦ ਦਾ ਬੂਟਾ ਪੁੰਗਰਦਾ ਹੈ। ਰੁੱਤਾ ਏਸੇ ਨੂੰ ਜਿਹੜਾ ਵਾਹਵੇ, ਉਹੀਓ ਖਾਵੇ ਕਹਿੰਦਾ ਹੈ। ਸਮਾਜਵਾਦ ਇਕਲਿਆ ਖਲੋਣ ਦਾ ਨਹੀਂ। ਰਲ ਮਿਲਕੇ ਕੰਮ ਕਰਨ ਦਾ ਨਾਂ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 215

  1. ਉਹੀ, ਪੰ. 102
  2. ਉਹੀ, ਪੰ. 103