ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/230

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਪਿਆਲਾ ਪੀ ਲਿਆ ਸੀ ਪਰ ਆਪਣੀ ਸਚਾਈ ਦੀ ਰੱਖਿਆ ਕੀਤੀ ਸੀ ਪਰ ਕਾਵਿ-ਨਾਇਕ ਦਾ ਜ਼ਹਿਰ ਦਾ ਪਿਆਲਾ ਹੋਠਾਂ ਤੋਂ ਆ ਕੇ ਵਾਪਸ ਪਰਤ ਗਿਆ। ਇਉਂ ਕਾਵਿ-ਨਾਇਕ ਦਾ ਅਸਤਿਤਵ ਅਪਮਾਣਿਕ ਹੀ ਰਹਿ ਜਾਂਦਾ ਹੈ:

ਜ਼ਹਿਰ ਦਾ ਪਿਆਲਾ ਮੇਰੇ ਹੋਠਾਂ ਤੇ ਆ ਕੇ ਰੁਕ ਗਿਆ

ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫ਼ਾਸਿਲਾ।[1]

ਫ਼ਿਕਰ ਅਤੇ ਚਿੰਤਾ ਅਸਤਿਤਵ ਦਾ ਅੰਗ ਬਣੇ ਰਹਿੰਦੇ ਹਨ। ਕਾਰਨ ਭਾਵੇਂ ਕੁੱਝ ਵੀ ਹੋਵੇ। ਕਾਵਿ-ਨਾਇਕ ਪਾਠਕਾਂ ਨੂੰ ਆਪਣੀ ਤਥਾਤਮਕਤਾ (Facticity) ਤੋਂ ਵੀ ਜਾਣੂ ਕਰਵਾਉਂਦਾ ਹੈ। ਇਸੇ ਫੈਕਟੀਸਿਟੀ ਵਿੱਚੋਂ ਪ੍ਰਾਪਤ ਹਾਲਾਤ ਵਿੱਚੋਂ ਉਸਦਾ ਅਸਤਿਤਵ ਵਿਕਾਸ ਕਰਦਾ ਹੈ। ਤਥਾਤਮਕਤਾ ਇਹ ਹੈ ਕਿ ਪਿੰਡ ਵਿੱਚ ਉਸਦਾ ਕੱਚੀਆਂ ਕੰਧਾਂ ਵਾਲਾ ਘਰ ਹੁੰਦਾ ਸੀ ਜਿਸਨੂੰ ਇੱਕ ਛੋਟਾ ਜੇਹਾ ਦਰ ਲੱਗਿਆ ਹੋਇਆ ਸੀ। ਮਾਤਾ ਪ੍ਰਤੀ ਉਹ ਫ਼ਿਕਰ (Anxiety) ਅਤੇ ਪਿਤਾ ਦਾ ਡਰ (Fear) ਮੰਨਦਾ ਸੀ। ਭੈਣਾਂ ਦਰੀਆਂ ਬੁਣਦੀਆਂ ਸਨ। ਉਸਨੂੰ ਯਾਦ ਆਉਂਦਾ ਹੈ ਕਿ ਧੀਆਂ ਦੇ ਵਿਆਹ ਲਈ ਧਨ ਕਮਾਉਣ ਲਈ ਜਦੋਂ ਉਸਦਾ ਪਿਤਾ ਦੇਸ਼ ਗਿਆ ਸੀ ਤਾਂ:

ਮੇਰੀ ਮਾਂ ਦੇ ਨੈਣਾਂ ਵਿੱਚ ਹੰਝੂ ਤੇ ਹਨ੍ਹੇਰ ਸੀ।[2]

ਅਜਿਹੀ ਸੰਵੇਦਨਸ਼ੀਲਤਾ ਹੈ ਇਸ ਕਾਵਿ-ਨਾਇਕ ਦੀ। ਅਜਿਹੇ ਪਿੰਡ ਨੂੰ ਛੱਡਕੇ ਆਉਣ ਪਿੱਛੇ 'ਅੱਜ ਫਿਰ ਬਹੁਤ ਉਦਾਸ ਹੈ ਆਤਮਾ ਰਾਮ’ ਕਵਿਤਾ ਦੇ ਨਾਇਕ ਦੀ ਮਾਨਸਿਕਤਾ ਪ੍ਰਸਤੁਤ ਕਰਕੇ ਉਸਦੇ ਅੰਤਰੀਵ ਨਾਲ ਪਾਠਕਾਂ ਦੀ ਸਾਂਝ ਪੁਆਈ ਗਈ ਹੈ। ਪਿੰਡ ਛੱਡਕੇ ਉਹ ਆਪਣੇ ‘ਸਵੈ' ਤੋਂ ਨਿਖੜ ਜਾਂਦਾ ਹੈ। ਇਹੋ ਉਸ ਦੀ ਉਦਾਸੀ (Despair) ਦਾ ਕਾਰਨ ਹੈ। ਆਤਮਾ ਰਾਮ ਤੋਂ ਬਦਲਕੇ ਆਪਣਾ ਅੰਗਰੇਜ਼ੀ ਨਾਮ ਰੱਖਦਾ ਹੈ- ਏ.ਆਰ.ਕਪੂਰ। ਬਚਪਨ ਦੀ ਤਥਾਤਮਕਤਾ ਵਿੱਚੋਂ ਉਸਨੂੰ ਪੰਜਾਬੀ ਮਿਲੀ ਸੀ ਪਰ ਅੰਗਰੇਜ਼ੀ ਬੋਲਕੇ ਆਪਣੇ ਆਪ ਨੂੰ ਵੱਡਾ ਸਿੱਧ ਕਰਦਾ ਪਰ ‘ਢਕਿਆ’ ਜਿਹਾ ਰਹਿੰਦਾ ਹੈ। ਉਦਾਸੀ ਵਿੱਚ ਉਸਦੀ ਯਾਦ ਪਿੰਡ ਵੱਲ ਝਾਤੀ ਮਾਰਦੀ ਹੈ ਤਾਂ ਸ਼ਹਿਰ ਦੀ ਉੱਚੀ ਇਮਾਰਤ ਤੋਂ, ਵਿਕ ਚੁੱਕੇ ਘਰ ਵਿੱਚ ਵੱਢੇ ਹੋਏ ਰੁੱਖ ਦੀ ਛਾਂ ਵਿੱਚ ਜਾ ਕੇ ਡਿੱਗਦਾ ਹੈ। ਉਹ ਆਪਣੀ ਯਾਦ ਵਿੱਚ ਉਸ ਘਰ, ਇਸ ਲਈ ਜਾਂਦਾ ਹੈ:

ਕਿ ਇਥੋਂ ਹੀ ਉਹ ਇਕ ਐਸਾ ਮੋੜ ਮੁੜਿਆ ਸੀ।
ਕਿ ਮੁੜਕੇ ਆਪਣੇ ਆਪਨੂੰ ਨਹੀਂ ਮਿਲਿਆ ਸੀ। [3]
ਇੰਜ ਆਪਣੇ ਆਪਨੂੰ ਨਾ ਮਿਲਣਾ ਹੀ ਤਾਂ ਅਸਤਿਤਵਹੀਣ ਹੋਣਾ ਹੈ।
ਇਸ ਸੰਗ੍ਰਹਿ ਦੇ ਕਾਵਿ-ਨਾਇਕ ਨੂੰ ਮੌਤ ਦਾ ਭੈਅ ਹਮੇਸ਼ਾ ਹੀ ਚਿੰਬੜਿਆ ਰਹਿੰਦਾ ਹੈ। ਸੰਸਾਰ ਉਸਨੂੰ ਸਨਮਾਨ ਨਾਲ ਰਹਿਣ ਵਾਲੀ ਥਾਂ ਨਹੀਂ ਜਾਪਦੀ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 228

  1. ਉਹੀ, ਪੰ. 59
  2. ਉਹੀ, ਪੰ. 23
  3. ਉਹੀ, ਪੰ. 54