ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ:

ਖੌਫ ਦਿਲ ਵਿੱਚ ਹੈ ਛਾ ਰਿਹਾ ਏਦਾਂ
ਜਾਪਦਾ ਉਹ ਵੀ ਸ਼ਾਮ ਆਵੇਗੀ
ਜਦ ਅਸਾਂ ਮੁਨਕਰਾਂ ਦੀਆਂ ਤਲੀਆਂ
ਤੇ ਚਿਰਾਗਾਂ ਦਾ ਥਾਲ ਹੋਵੇਗਾ।[1]

ਮਾਰਟਿਨ ਹਾਈਡਿਗਰ ਅਨੁਸਾਰ ਸੰਸਾਰ ਸੰਦਾਂ ਅਤੇ ਰਿਸ਼ਤਿਆਂ ਦੇ ਸਿਸਟਮ ਵਿੱਚ ਬੱਝਾ ਹੋਇਆ ਹੈ। ਸੁਰਜੀਤ ਪਾਤਰ ਸਾਜ਼, ਕਿਤਾਬ, ਰਬਾਬ ਦੇ ਆਪਸੀ ਸੰਬੰਧਾਂ ਅਤੇ ਇੰਜ ਹੀ ਮੁਜਰਿਮ, ਕਿਤਾਬ ਕਾਜ਼ੀ, ਜਲਾਦ ਦੇ ਸੰਬੰਧਾਂ ਨੂੰ ਵੀ ਕਾਵਿ-ਆਇਨੇ ਰਾਹੀਂ ਵੇਖਦਾ ਹੈ। ਉਸਦਾ ਵਿਚਾਰ ਹੈ ਕਿ ਆਪਸੀ ਸੰਬੰਧਾਂ ਦੁਆਰਾ ਕੇਵਲ ਉਹ ਵਿਅਕਤੀ ਹੀ ਦੂਸਰੇ ਦੇ ਅਸਤਿਤਵ ਦੀ ਰਾਖੀ ਕਰ ਸਕਦਾ ਹੈ ਜਿਸਦਾ ਆਪਣਾ ਅਸਤਿਤਵ ਸੁਤੰਤਰ ਹੋਵੇ। ਆਪ ਹੀ ਦੂਸਰਿਆਂ ਦੇ ਪਰਛਾਵੇਂ ਹੇਠ ਰਹਿਣ ਵਾਲਾ ਆਪਣੇ ਸਾਥੀ ਦੇ ਅਸਤਿਤਵ ਨੂੰ ਕਿੰਜ ਸੰਭਾਲ ਸਕਦਾ ਹੈ:

ਤੂੰ ਵੀ ਜਦੋਂ ਭਾਲਦਾ ਏਂ ਕੰਧਾਂ ਦੀਆਂ ਛਾਵਾਂ
ਵੇ ਮੈਂ ਪਲਕਾਂ ਦੀ ਛਾਵੇਂ ਕਿਵੇਂ ਬੈਠ ਜਾਂ
ਸੀਨੇ 'ਚ ਲਕੋ ਕੇ ਮੈਨੂੰ ਰੱਖ ਲਏਂਗਾ ਕਿੱਦਾਂ
ਵੇ ਮੈਂ ਸੁਪਨਿਆਂ ਦੀ ਥਾਵੇਂ ਕਿਵੇਂ ਬੈਠ ਜਾਂ।[2]

ਅਸਤਿਤਵ ਨੇ ਤਾਂ ਵਿਕਾਸ ਕਰਨਾ ਹੁੰਦਾ ਹੈ। ਬੰਦੇ ਨੇ ਆਪਣੇ ਆਪ ਤੋਂ ਪਾਰ ਜਾਣਾ ਹੁੰਦਾ ਹੈ। ਨਿੱਕੀ ਉਡਾਰੀ ਲਾਉਣ ਵਾਲਿਆਂ ਦਾ ਵਿਅਕਤਿਤਵ ਸੁੰਗੜ ਜਾਂਦਾ ਹੈ। ਉਹ ਆਪੇ ਤੋਂ ਪਾਰ ਨਹੀਂ ਜਾ ਸਕਦੇ। ਇੰਜ ਤਾਂ ਵਿਅਕਤੀ ਦੀ ਉੱਡਣ-ਸਮਰੱਥਾ ਦੀ ਤੌਹੀਨ ਹੁੰਦੀ ਹੈ। ਪੰਜਾਬੀ ਨੌਜਵਾਨ ਨੂੰ ਨਸੀਹਤ ਵਰਗੀ ਸ਼ੈਲੀ ਵਿੱਚ ਕਵੀ ਕਹਿੰਦਾ ਹੈ ਕਿ ਉਸ ਨੂੰ ਹੱਕ ਦੀ ਲੜਾਈ ਲੜਦਿਆਂ ਆਪਣੇ ਹੀ ਅੰਗ ਨਹੀਂ ਕੱਟਣੇ ਚਾਹੀਦੇ। ਨੌਜਵਾਨ ਨੂੰ ਚੇਤਨ ਕਰਦਿਆਂ ਲਿਖਿਆ ਹੈ:

ਇਉਂ ਖੰਭਾ ਦੀ ਤੌਹੀਨ ਨਾ ਕਰ ਇਹ ਨਿੱਕੀ ਬਹੁਤ ਉਡਾਰੀ ਏ।[3]

ਅਸਤਿਤਵਵਾਦ ਦੇ ਬਾਨੀ ਕੀਰਕੇਗਾਰਦ ਦਾ ਵਿਚਾਰ ਹੈ ਕਿ ਜੀਵਨ ਵਿੱਚ ਸਫ਼ਲਤਾ ਲਈ ਕਈ ਵਾਰ ਹਨ੍ਹੇਰੇ ਵਿੱਚ ਛਾਲ ਮਾਰਨੀ ਪੈਂਦੀ ਹੈ। ਇਵੇਂ ਹੀ ਕਾਵਿ-ਨਾਇਕਾ ਆਪਣੇ ਪ੍ਰੇਮੀ ਨੂੰ ਸੰਬੋਧਤ ਹੈ:

ਵਿੱਚ ਗੁਫ਼ਾਵਾਂ ਲਹਿ ਵੇ ਮੇਰਿਆ ਮਹਿਰਮਾ

ਫੋਲ਼ ਹਨ੍ਹੇਰੀ ਤਹਿ ਵੇ ਮੇਰਿਆ ਚਾਨਣਾ।[4]

ਸਾਰਤਰ ਦਾ ਇੱਕ ਸਿਧਾਂਤ ਹੈ ਭੋਇੰ ਬਨਾਮ ਆਕਾਰ (Ground vs

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 232

  1. ਸੁਰਜੀਤ ਪਾਤਰ, ਉਹੀ, ਪੰ. 50
  2. ਉਹੀ, ਪੰ. 47
  3. ਉਹੀ, ਪੰ. 90
  4. ਉਹੀ, ਪੰ. 79