ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/236

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਅੰਤ ਕਰ ਦਿੰਦੀ ਹੈ। ਮਰਨ ਵਾਲਾ ਆਪਣੀ ਮੌਤ ਬਾਰੇ ਕੁੱਝ ਨਹੀਂ ਦੱਸ ਸਕਦਾ। ਪਰ ਜਦੋਂ ਕੋਈ ਕਿਸੇ ਨੂੰ ਮਰਦਾ ਵੇਖਦਾ ਹੈ ਉਹ ਇਸ ‘ਹਾਦਸੇ' ਨੂੰ ਵੇਖਕੇ ਡਰ ਨਾਲ ਅਸਤਿਤਵਹੀਣ ਹੋ ਜਾਂਦਾ ਹੈ। ਸ਼ਾਇਦ ਇਹ ਸੋਚਕੇ ਕਿ ਉਸ ਨਾਲ ਵੀ ਇੱਕ ਦਿਨ ਏਦਾਂ ਹੀ ਹੋਵੇਗੀ। ਤੀਜਾ ਉਦੋਂ ਅਸਤਿਤਵਹੀਣ ਹੁੰਦਾ ਹੈ, ਜਦੋਂ ਉਹ ਕਿਸੇ ਨੂੰ ਮੌਤ ਬਾਰੇ ਦੱਸਣ ਤਾਂ ਲਗਦਾ ਹੈ ਪਰ ਕਿਸੇ ਦੇ ਘੂਰਨ ਕਰਕੇ ਚੁੱਪ ਵੱਟ ਜਾਂਦਾ ਹੈ। ਇਹ ਚੁੱਪ ਵੀ ਪੱਥਰ ਵਰਗੀ ਸਥਿਤੀ ਹੀ ਹੈ। ਸ਼ਾਇਰ ਸੰਵੇਦਨਸ਼ੀਲ ਹੁੰਦੇ ਹਨ। ਕਾਵਿ-ਨਾਇਕ ਇਤਨੇ ਬੰਦਿਆਂ ਨੂੰ ਪੱਥਰ ਹੋਇਆ ਵੇਖਕੇ ਆਪਣੀ ਹੋਂਦ ਗੁਆਚੀ ਮਹਿਸੂਸ ਕਰਦਾ ਹੈ।

ਮੇਰੀ ਹਰ ਸ਼ਾਖ ਵਿੱਚ..... ਕਵਿਤਾ ਵੀ ਇਸ ਸੰਗ੍ਰਹਿ ਦੀ ਮਹੱਤਵ ਵਾਲੀ ਰਚਨਾ ਹੈ। ਇਸ ਵਿੱਚ ਬਿਰਖ਼, ਧਰਤੀ ਅਤੇ ਕਾਵਿ-ਮੈਂ ਦੇ ਮਾਧਿਅਮ ਰਾਹੀਂ ਇਸ ਧਰਤੀ ਤੇ ਹੁੰਦੇ ਜ਼ੁਲਮਾਂ ਦਾ ਡਰ ਬਿਆਨ ਕੀਤਾ ਗਿਆ ਹੈ। ਇਹ ਡਰ ਵਿਕਾਸ ਕਰਕੇ ਜ਼ੁਲਮ ਤੋਂ ਜ਼ਾਲਮ ਜਿਹਾ ਬਣ ਗਿਆ ਜੋ ਕਾਵਿ-ਸਿਰਜਕ ਨੂੰ 'ਪੱਥਰ' ਕਰ ਗਿਆ ਅਰਥਾਤ ਉਸਦੇ ਅਸਤਿਤਵ ’ਤੇ ਵਾਰ ਕਰ ਗਿਆ ਹੈ। ਕਾਵਿ-ਮੈਂ ਅਜਿਹੀ ਸਥਿਤੀ ਵਿੱਚ ਵੀ ਆਪਣੇ ਮਾਨਵੀ ਗੁਣ ਨੂੰ ਨਹੀਂ ਤਿਆਗਦੀ:

"ਮੈਂ ਤਾਂ ਧਰਤੀ ਦੇ ਦੁਖੜੇ ਨੂੰ ਸਹਿਣਾ ਵੀ ਹੈ
ਜਿਹੜਾ ਬਦੀਆਂ ਕਰੇ ਉਹਨੂੰ ਕਹਿਣਾ ਵੀ ਹੈ।
ਅੰਤ ਧਰਤੀ ਹੀ ਮੇਰੇ ਜਿਹਾਂ ਨੂੰ ਸਦਾ,
ਆਪਣੇ ਸੀਨੇ ਦੇ ਅੰਦਰ ਲੁਕਾਉਂਦੀ ਰਹੀ।"[1]

ਬਦੀਆਂ ਕਰਨ ਵਾਲੇ ਜਿਹੜੇ ਕੰਡੇ ਬੀਜਦੇ ਨੇ ਉਹ ਕਿਸੇ ਵੀ ਧਿਰ ਦੇ ਹੋ ਸਕਦੇ ਹਨ। ਕੰਡੇ ਬੀਜਕੇ, ਅਸਤਿਤਵਵਾਦ ਅਨੁਸਾਰ, ਇਸ ਦੇ ਨਤੀਜਿਆਂ ਤੋਂ ਬਚਣ ਦਾ ਕੋਈ ਬਹਾਨਾ (No Excuse) ਨਹੀਂ ਘੜ ਸਕਦੇ:

ਅਸਾਂ ਬੀਜੇ, ਤੁਸਾਂ ਬੀਜੇ, ਕਿਸੇ ਬੀਜੇ, ਚੱਲੋ ਛੱਡੋ,

ਕਰੋ ਝੋਲੀ, ਭਰੋ ਅੰਗਿਆਰ ਲਉ ਕਿ ਬਹਾਰ ਆਈ ਹੈ।[2]

‘ਬੰਸਰੀ ਵਿਰਤਾਂਤ’ ਇੱਕ ਪੈਰਾਡਿਗਮੈਟਿਕ ਕਵਿਤਾ ਹੈ। ਬੰਸਰੀ ਜੰਗਲ ਦੇ ਸੜਨ ਬਾਰੇ ਪਹਿਲਾਂ ਜੰਗਲ ਕੋਲ, ਫਿਰ ਉਸਦੀ ਘੱਲੀ ਹਵਾ ਕੋਲ, ਅੱਗੋਂ ਧਰਤੀ ਪਾਸ ਜਾਂਦੀ ਹੈ। ਸੂਰਜ ਕੋਲ ਉਸਦੀ ਤਪਸ਼ ਕਾਰਨ ਨਹੀਂ ਜਾਂਦੀ। ਰੱਬ ਕੋਲ ਇਸ ਲਈ ਨਹੀਂ ਜਾਂਦੀ:

ਕਿ ਉਹ ਤਾਂ ਆਪ ਹੈ ਇਕ ਸੁਆਲ,

ਪਤਾ ਨਹੀਂ ਆਦਮੀ ਉਸਦਾ ਕਿ ਉਹ ਹੈ ਆਦਮੀ ਦਾ ਖ਼ਿਆਲ।[3]

ਇਸੇ ਗੱਲ ਦਾ ਨਿਰਣਾ ਕਰਦਿਆਂ ਸਾਰਤਰ ਕਹਿੰਦਾ ਹੈ Existence precedes Essence. ਇਉਂ:

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 234

  1. ਸੁਰਜੀਤ ਪਾਤਰ, ਉਹੀ, ਪੰ. 13
  2. ਉਹੀ, ਪੰ. 14
  3. ਉਹੀ, ਪੰ. 18