ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/243

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਜਾਉਣ ਦੇ ਵਿਪਰੀਤ ਹੋਣ ਦਾ ਪ੍ਰਗਟਾਵਾ ਕਰਦੀ ਹੈ। ਪਤੀ ਪੈੱਗ ਲਾ ਕੇ ਜੋ ਗਾਉਣ ਲਗਦਾ ਹੈ, ਉਹ ਕੇਵਲ ਆਪਣੇ ਮਨ ਨੂੰ ਢਾਰਸ ਦੇਣ ਲਈ ਕਰ ਰਿਹਾ ਹੈ। ਆਪਣੀ ਪਤਨੀ ਦੇ ਡਰ (fear) ਤੋਂ ਪਰਾਹਣ ਕਰਨ ਲਈ। ਕੜਛੀ ਦਾ ਦੁਬਾਰਾ ਡਿੱਗਣਾ ਪਤਨੀ ਵੱਲੋਂ ਨਫ਼ਰਤ ਦੇ ਪ੍ਰਗਟਾਵੇ ਦਾ ਤਿੱਖਾ ਹੋਣਾ ਹੈ। ਆਪਣੇ ਭਾਰੇ ਪੰਜੇ ਨਾਲ ਪਤਨੀ ਨੂੰ ਰੋਟੀ ਵਾਸਤੇ ਕੁੱਝ ਦੇਰ ਰੁਕਣ ਲਈ ਕਹਿੰਦਾ ਹੈ। ਪਤਨੀ ਦੇ ਬੋਲ ਪਹਾੜ ਵਾਂਗ ਡਿਗਦੇ ਹਨ ਪਰ ਫਿਰ ਵੀ ਲੁੜਕਦੇ ਬੁੜਕਦੇ ਰੁਕਦੇ ਹਨ ਜਿਵੇਂ ਪਤਨੀ ਦੇ ਬੋਲ ਵੀ ਕੰਧਾਰੀ ਦੇ ਹੋਣ ਜੋ ਪਤੀ-ਪੁਰਖ ਦੇ ਪੰਜੇ ਨਾਲ ਰੁਕ ਗਏ ਹੋਣ। ਪਰ ਭਾਰੇ ਪੱਥਰ ਵਰਗੇ ਬੋਲ ਵਿਅਰਥ ਨਹੀਂ ਗਏ। ਸ਼ਰਾਬੀਆਂ ਨੂੰ ਬਾਹਰ ਠੰਢ ਵਿੱਚ ਧਕੇਲ ਦਿੱਤਾ ਹੈ। ਇੱਧਰਲੀਆਂ ਉੱਧਰਲੀਆਂ ਗੱਲਾਂ ਮਾਰਦੇ ਨੇ। ਬਾਪ ਦੇ ਸੁਪਨੇ ਪੂਰੇ ਕਰਨ ਵਾਲੇ ਨਸ਼ਿਆਂ ਵਿੱਚ ਡੁੱਬੇ ਪਏ ਹਨ। ਪਤਨੀ ਦੇ ਸਖ਼ਤ ਬੋਲਾਂ ਸਾਹਵੇਂ ਅਸਤਿਤਵਹੀਣ ਹਨ। ਦੋ ਅਫ਼ਸਰ ਦੋ ਕਵੀ ਕਹਿਕੇ ਮੇਜ਼ਬਾਨ ਹੋਂਦ ਦਾ ਪ੍ਰਗਟਾਵਾ ਕਰਦਾ ਹੈ। ਦਾੜ੍ਹੀ ਤੇ ਹੱਥ ਫੇਰ ਕੇ ਖੰਘੂਰਾ ਮਾਰਨ ਪਿਛੇ ਭੈਅ ਕਾਰਜਸ਼ੀਲ ਹੈ। ਫੌਜੀ ਬੂਟਾਂ ਵਾਂਗ ਜੰਗਲ ਨੂੰ ਮਿੱਧਣਾ ਔਰਤ ਨੂੰ ਦਬਾਉਣ ਦੀ ਇੱਛਾ ਦਾ ਪ੍ਰਤੀਕ ਹੈ। ਮਿੱਤਰ ਕੁੱਤੇ ਦੇ ਠੰਡਾ ਮਾਰਕੇ ਆਪਣਾ ਗੁੱਸਾ ਪ੍ਰਗਟ ਕਰਦਾ ਹੈ। ਖ਼ਾਲੀ ਬੋਤਲ ਵਿੱਚ ਮਾਰੀ ਫੂਕ ਵੀ ਸ਼ੂਨਯ (ਖਾਲੀਪਣ) (Nothingess) ਵਿੱਚ ਮਾਰੀ ਫੂਕ ਹੀ ਹੈ। ਕੜਛੀ ਦਾ ਤੀਜੀ ਵਾਰ ਡਿੱਗਣਾ ਪਤਨੀ ਵੱਲੋਂ ਨਫ਼ਰਤ ਦੇ ਪ੍ਰਗਟਾਵੇ ਦੀ ਸਿਖ਼ਰ ਹੈ। ਰੋਟੀ ਠੁਰਕਦੇ ਹੱਥਾਂ ਨਾਲ ਖਾਣ ਪਿੱਛੇ ਵੀ ਤੀਬਰ ਵੇਦਨਾ (Anguish) ਹੈ। ਸਵੇਰੇ ਮਲਕੜੇ ਜੇਹੇ ਘਰੋਂ ਬਾਹਰ ਹੋਣਾ ਅਤੇ ਹਿੱਕਦੇ ਫੇਫੜਿਆਂ ਨਾਲ ਕੁੱਤੇ ਦਾ ਤੱਕਣਾ ਵੀ, ਸ਼ਰਾਬੀ ਬੰਦਿਆਂ ਨਾਲ, ਜਾਨਵਰ ਵੱਲੋਂ ਵੀ ਨਫ਼ਰਤ ਦਾ ਪ੍ਰਗਟਾਵਾ ਹੈ ਕਿਉਂਕਿ ਇਸੇ ਮਹਿਮਾਨ ਦੇ ਘਰ ਆਉਣ ਕਾਰਨ ਮਾਲਕ ਨੇ ਉਸਦੇ ਠੰਡਾ ਮਾਰਿਆ ਸੀ। ਦੋਸਤ, ਭਾਬੀ ਅਤੇ ਬੱਚਾ ਇੱਕ ਦੂਜੇ ਨੂੰ ਗਲਵਕੜੀ ਪਾਈ ਸੌਂ ਰਹੇ ਹਨ ਜਿਵੇਂ ਰਾਤੀਂ ਕੁੱਝ ਵੀ ਨਾ ਹੋਇਆ ਹੋਵੇ। ਇਹੋ ਤਾਂ ਅਬਸਰਡ ਦੀ ਸਥਿਤੀ ਹੈ। ਹੋਈ ਬੀਤੀ ਨੂੰ ਭੁੱਲ ਜਾਣਾ ਹੀ ਤਾਂ ਮਨੁੱਖੀ ਹੋਣੀ ਹੈ। ਅਜਿਹੇ ਵਿਵਹਾਰ ਦੀ ਸੰਭਾਵਨਾ ਕਾਰਨ ਹੀ ਕਾਵਿ-ਨਾਇਕ ਦਾ ਮਿੱਤਰ ਉਸਦੇ ਘਰ ਜਾਣੋਂ ਇਨਕਾਰ ਕਰਦਾ ਹੈ। ਪਰ ਅੜੀਅਲ ਘੋੜੇ ਵਾਂਗ ਪੈਰ ਸੜਕ ਵਿੱਚ ਫਸਾਉਣਾ ਵੀ ਖੋਟੇ ਨਿਸ਼ਚੇ (Bad faitl1) ਵਾਲੇ ਬੋਲ ਹਨ ਕਿਉਂਕਿ ਚਲਿਆ ਉਸਨੇ ਵੀ ਜਾਣਾ ਹੈ। ਇਉਂ ਕਵਿਤਾ ਖੁੱਲ੍ਹਾ ਅੰਤ ਸਿਰਜਦੀ ਹੈ। ਕੜਛੀ ਦਾ ਵਾਰ ਵਾਰ ਡਿੱਗਣਾ ਅਸਤਿਤਵੀ ਚਿੰਨ੍ਹ (Existential symbol) ਹੈ।

ਇਸੇ ਦ੍ਰਿਸ਼ਟੀ ਤੋਂ ਪਤਨੀ ਕਵਿਤਾ ਵੀ ਵਿਲੱਖਣ ਹੈ। ਕਵੀ ਨੇ ਹੇਗਲ ਅਤੇ ਕਾਰਲ ਮਾਰਕਸ ਤੋਂ ਵਿਰੋਧ ਵਿਕਾਸ ਨੁਕਤਾ ਹਾਸਲ ਕੀਤਾ ਹੋਇਆ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 241