ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/255

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਨਾ ਮਾਮਾ ਜੀ! ਤੁਸੀਂ ਹੌਸਲਾ ਰੱਖੋ, ਆਈ ਵਿਲ ਸੀ (ਤ੍ਰਭਕ ਕੇ)
ਮੈਂ ਕਰਦਾਂ ਕੋਈ ਹੀਲਾ... ਚਲੋ ਅੰਦਰ ਚਲੋ... ਨੇਰ੍ਹਾ ਹੋ ਗਿਆ ਨਾਲੇ
ਠੰਢ ਆ ਬਾਹਰ।[1]

ਗਰੇਵਾਲ ਇਤਨੀ ਗੱਲ ਕਹਿ ਤਾਂ ਗਿਆ ਪਰ ਅੰਦਰੋਂ ਫ਼ਿਕਰਮੰਦ ਸੀ। ਮਾਮੇ ਦਾ ਉੱਠਣ ਨੂੰ ਦਿਲ ਨਾ ਕੀਤਾ। ਗਰੇਵਾਲ ਦਾ ‘ਉਲਝਿਆ ਜੇਹਾ' ਉੱਠਣਾ, 'ਪੱਗ ਸੂਤ’ ਕਰਦਿਆਂ ਅੰਦਰ ਜਾਣਾ ਅਜਿਹੇ ਅਸਤਿਤਵੀ ਚਿੰਨ੍ਹ (Existential Symbols) ਹਨ ਜੋ ਉਸਦੀ ਚਿੰਤਾ (Anxiety) ਦਾ ਪ੍ਰਗਟਾਵਾ ਕਰਦੇ ਹਨ।

ਗਰੇਵਾਲ ਅੰਦਰ ਜਾਂਦਾ ਹੈ। ਰੋਜ਼ੀ ਦੇ ਕੰਨ ਬਾਹਰ ਵੱਲ ਹੀ ਸਨ। ਸਭ ਕੁੱਝ ਸਮਝਦੀ ਹੋਈ ਪੁੱਛਦੀ ਹੈ- 'ਕੀ ਮਾਮਲਾ ਹੈ।' ਗਰੇਵਾਲ ਸੰਕੇਤਕ ਰੂਪ ਵਿੱਚ ਸਾਰੀ ਗੱਲ ਸਮਝਾ ਦਿੰਦਾ ਹੈ। ਬੱਚਿਆਂ ਦਾ ਟੀ.ਵੀ. ਉੱਚੀ ਆਵਾਜ਼ ਵਿੱਚ ਚੱਲ ਰਿਹਾ ਹੈ ਪਰ ਅੰਦਰੋਂ ਉੱਚੀ-ਉੱਚੀ ਖਹਿਬੜਣ ਦੀ ਆਵਾਜ਼ ਸੁਣਕੇ ਬਜ਼ੁਰਗ ਉਦਾਸੀ ਵਿੱਚ ਡੁੱਬ ਜਾਂਦਾ ਹੈ। ਅਸਤਿਤਵੀ ਚੇਤਨਾ ਗੈਰਯਕੀਨਤਾ ਵਿੱਚ ਉਦਾਸੀ ਦਾ ਕਾਰਨ ਬਣਦੀ ਹੈ, ਕੀਰਕੇਗਾਰਦ ਅਨੁਸਾਰ, 'To come into reflective existence as a self-conscious being is to despair, for it is a break with the finite, a withdrawal into uncertainity.'[2] ਉਸਨੂੰ ਮਸਲੇ ਦੇ ਹੱਲ ਦਾ ਕੁੱਝ ਵੀ ਯਕੀਨ ਨਹੀਂ। ਬਚਨ ਸਿੰਘ ਇੱਥੇ ਆ ਕੇ ਪਛਤਾਉਂਦਾ ਹੈ। ਬੱਚਿਆਂ ਨੂੰ ਮੰਮੀ-ਡੈਡੀ ਦਾ ਝਗੜਾ ਚੰਗਾ ਨਹੀਂ ਲਗਦਾ। ਉਨ੍ਹਾਂ ਦੋਵਾਂ ਦਾ ਝਗੜਾ ਬੱਚਿਆਂ ਦੇ ਟੀ.ਵੀ. ਅਨੰਦ ਵਿੱਚ ਵਿਘਨ ਪਾਉਂਦਾ ਹੈ। ਇਸੇ ਲਈ ਉਹ ਕਹਿੰਦੇ ਹਨ ਕਿ ਮੰਮਾ ਜੇ ਲੜਨਾ ਹੈ ਤਾਂ ਆਪਣੇ ਬੈਂਡ-ਰੂਮ ਵਿੱਚ ਜਾਓ, ਸਾਰਾ ਮਜ਼ਾ ਖ਼ਰਾਬ ਕਰ ਤਾ। ਬੱਚਿਆਂ ਨੂੰ ਘੂਰ ਕੇ ਟੀ.ਵੀ. ਬੰਦ ਕਰਵਾ ਦਿੱਤਾ ਜਾਂਦਾ ਹੈ। ਉਹ ਦੋਵੇਂ ਬੱਚੇ (ਡਾਲਰ ਤੇ ਪੌਡ) ਉਪਰਲੇ ਕਮਰੇ ਵਿੱਚ ਜਾ ਕੇ ਕਾਮਿਕਸ ਵਿੱਚ ਮਸਤ ਹੋ ਜਾਂਦੇ ਹਨ।

ਗਰੇਵਾਲ ਡੀ.ਐੱਸ.ਪੀ. ਨੂੰ ਫ਼ੋਨ ਕਰਦਾ ਹੈ ਪਰ ਉਹ ਤਾਂ ਅਜੇ ਦਫ਼ਤਰੋਂ ਹੀ ਨਹੀਂ ਪਰਤਿਆ। ਤਦ ਗਰੇਵਾਲ ਮਿਸਿਜ਼ ਮਹਿਤਾ ਨੂੰ ਫੋਨ ਕਰਦਾ ਹੈ ਕਿ ਅੱਜ ਉਹ ਡਿਨਰ ਤੇ ਨਹੀਂ ਆ ਸਕਣਗੇ ਕਿਉਂਕਿ ਉਨ੍ਹਾਂ ਦੇ ਮਾਮਾ ਜੀ ਆਏ ਹੋਏ ਹਨ। ਰੋਜ਼ੀ ਝਪਟ ਮਾਰਕੇ ਚੋਂ ਖੋਹ ਲੈਂਦੀ ਹੈ ਅਤੇ ਮਿਸਿਜ਼ ਮਹਿਤਾ ਨੂੰ ਕਹਿੰਦੀ ਹੈ ਕਿ ਉਹ ਜ਼ਰੂਰ ਆਉਣਗੇ ਅਤੇ ਮਾਮਾ ਜੀ ਦੀ ਸਮੱਸਿਆ ਬਾਰੇ ਵੀ ਗੱਲ ਕਰਨਗੇ। ਗਰੇਵਾਲ ਵਿਅਕਤਿਤਵਹੀਣ (Depersonalize) ਹੋ ਜਾਂਦਾ ਹੈ ਅਰਥਾਤ ਕੱਖੋਂ ਹੌਲਾ ਹੋ ਜਾਂਦਾ ਹੈ। ਰੋਜ਼ੀ ਉਸ ਤੇ ਇਤਨੀ ਹਾਵੀ ਹੈ, ਘੱਟੋ-ਘੱਟ ਉਸਦਾ ਸਤਿਕਾਰ ਤਾਂ ਕਰੇ, ਉਸਦੇ ਸੰਬੰਧੀ ਦਾ ਨਾ ਸਹੀ। ਹੁਣ ਉਹ ਨਖਰਿਆਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 253

  1. ਉਹੀ
  2. Kierkegaard, Six Existential Thinkers, Ibid, P. 16-17