ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਰੀ ਨਾਲ ਮਹਿਸੂਸ ਕਰਦਾ ਹੈ ਕਿ ਰੱਬ ਵੱਲ ਧੱਕੇ ਨਾਲ ਜੁੜਨਾ ਕਾਫ਼ੀ ਨਹੀਂ ਹੈ। ਉਸਦੇ ਰੱਬ ਨਾਲ ਸੰਬੰਧਾਂ ਵਿੱਚ ਹਮੇਸ਼ਾ ਗੁਨਾਹ ਦਾ ਸਾਥ ਰਹਿੰਦਾ ਹੈ ਕਿਉਂਕਿ ਚੇਤਨਾ ਦੇ ਵਧਣ ਕਾਰਨ ਉਹ ਨੈਤਿਕ ਲੋੜਾਂ ਨਾਲ ਪੂਰਾ ਨਿਆਂ ਨਹੀਂ ਕਰ ਸਕਦਾ। ਨਤੀਜੇ ਵਜੋਂ ਉਹ ਰੱਬ ਤੋਂ ਦਿਨ-ਪ੍ਰਤੀ-ਦਿਨ ਦੂਰ ਹੁੰਦਾ ਜਾ ਰਿਹਾ ਹੈ। ਉਸ ਨੂੰ ਅਜਿਹਾ ਪ੍ਰਤੀਤ ਹੋਣ ਲਗਦਾ ਹੈ ਕਿ ਆਤਮ-ਨਿਸ਼ਠਤਾ ਸਚਾਈ ਨਹੀਂ ਹੈ ਕਿਉਂਕਿ ਉਹ ਅਸਲ ਵਿੱਚ ਆਪਣੀ ਚੇਤਨਾ ਵਿੱਚ ਡੂੰਘਾ ਜਾ ਕੇ ਰੱਬ ਤੋਂ ਦੂਰ ਹੋ ਜਾਂਦਾ ਹੈ। ਅਜਿਹੇ ਨਾਜ਼ਕ ਸਮੇਂ ਜਦੋਂ ਧਾਰਮਿਕ ਬੰਦਾ ਮਾਰੂਥਲ ਵਿੱਚ ਭਟਕ ਰਿਹਾ ਹੁੰਦਾ ਹੈ ਅਤੇ ਉਸਦਾ ਅਧਿਆਤਮਕ ਜੀਵਨ ਕੱਚੇ ਧਾਗੇ ਨਾਲ ਲਟਕ ਰਿਹਾ ਹੁੰਦਾ ਹੈ, ਉਦੋਂ ਉਹ ਈਸਾਈ ਧਾਰਮਿਕਤਾ ਵੱਲ ਵਿਸ਼ੇਸ਼ ਪਰਿਵਰਤਨ ਲਈ ਸੰਪੂਰਨਤਾ ਗ੍ਰਹਿਣ ਕਰ ਜਾਂਦਾ ਹੈ ਜਿਹੜਾ ਦੈਵੀ ਪ੍ਰਕਾਸ਼ ਵਿੱਚ ਪ੍ਰਗਟ ਹੁੰਦਾ ਹੈ।

ਵਿਰੋਧਾਭਾਸ(The Paradox)

ਅਜਿਹੀ ਸਚਾਈ ਕਿ ਰੱਬ ਨੇ ਜਨਮ ਲੈ ਲਿਆ ਬਾਰੇ ਠੋਸ ਸਚਾਈ ਇਸਦਾ ਸਮੇਂ ਸਿਰ ਪ੍ਰਗਟਾਵਾ ਕਰਦੀ ਹੈ, ਇਹ ਆਪਣੇ ਆਪ ਵਿੱਚ ਇੱਕ ਪੂਰਾ ਵਿਰੋਧਾਭਾਸ ਹੈ। ਕੀ ਕੇਵਲ ਦੈਵੀ ਅਵਤਾਰ ਦੀ ਸਹਾਇਤਾ ਨਾਲ ਉਸ ਰੱਬ ਨਾਲ ਸੰਬੰਧ, ਮੁੜ ਕਾਇਮ ਕੀਤੇ ਜਾ ਸਕਦੇ ਹਨ? ਉਦਾਹਰਨ ਵਜੋਂ ਉਸ ਅੰਤਰ ਪ੍ਰੇਰਨਾ ਸਦਕਾ ਜੋ ਬਾਹਰੋਂ ਆਈ ਹੈ ਨਾ ਕਿ ਬੰਦੇ ਦੇ ਆਪਣੇ ਦਿਲ ਦੀਆਂ ਡੁੰਘਾਣਾਂ ਵਿੱਚੋਂ ਉਤਪੰਨ ਹੋਈ ਹੈ। ਧਾਰਮਿਕ ਸ਼ਖ਼ਸੀਅਤ ਲਈ ਈਸਾਈ ਮੰਗ ਪਰਵਾਨ ਕਰਨ ਦੀ ਵਿਧੀ ਤੀਬਰ ਸੰਵੇਦਨਾ ਦੇ ਦਰਦ ਦੀ ਹੈ ਜੋ ਕਿ ਪਹਿਲੀ ਧਾਰਮਿਕ ਸਟੇਜ ਦਾ ਲੱਛਣ ਹੈ ਅਤੇ ਇਹੋ ਹੁਣ ਸੰਭਵ ਉਚੇਰੀ ਡਿਗਰੀ ਵੱਲ ਤੀਬਰ ਹੋ ਗਈ ਹੈ ਅਤੇ ਗੁਨਾਹ ਦੀ ਚੇਤਨਾ ਪਾਪ ਦੀ ਚੇਤਨਾ ਦਾ ਰੂਪ ਧਾਰ ਜਾਂਦੀ ਹੈ।

ਚੋਣ (The Choice)

ਚੋਣ, ਚੁਨਣ ਦੀ ਯੋਗਤਾ ਦੀ ਪੂਰਵ ਧਾਰਨਾ ਹੁੰਦੀ ਹੈ ਅਤੇ ਇਉਂ ਸੁਤੰਤਰ ਮਰਜ਼ੀ ਪੈਦਾ ਹੁੰਦੀ ਹੈ। ਕੀਰਕੇਗਾਰਦ ਮਰਜ਼ੀ ਦੀ ਸੁਤੰਤਰਤਾ ਨੂੰ ਬਿਨਾਂ ਸ਼ਰਤ ਮੰਨਣ ਦਾ ਸਮਰਥਕ ਨਹੀਂ ਸੀ। ਇਸਨੂੰ ਉਹ ਬੌਧਿਕ ਪੁਆੜਾ ਕਹਿੰਦਾ ਸੀ। ਸੁਤੰਤਰ ਮਰਜ਼ੀ ਤੋਂ ਉਸਦਾ ਭਾਵ ਆਪਣੇ ਲਈ ਚੋਣ ਸੀ ਅਤੇ ਇਉਂ ਉਸਦਾ ਭਾਵ ਨੇਕੀ ਅਤੇ ਬਦੀ ਦਰਮਿਆਨ ਚੁਨਣ ਦੀ ਯੋਗਤਾ ਸੀ। ਇਸ ਪ੍ਰਕਾਰ ਇਹ ਇੱਕ ਨੈਤਿਕ ਸੁਤੰਤਰਤਾ ਸੀ। ਇਸ ਤੋਂ ਉਸਦਾ ਭਾਵ ਨੈਤਿਕ ਜੀਵਨ ਜਿਉਣ ਦੀ ਸੁਤੰਤਰਤਾ ਸੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਬੰਦਾ ਆਪਣੀ ਸੁਤੰਤਰਤਾ ਗੁਆ ਬੈਠਦਾ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 28