ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਤੇ ਵੱਧ ਦੇਣਾ ਬਣਦਾ ਹੈ। ਪਿਆਰ ਦੀ ਅਧਿਆਤਮ ਹੋਂਦ ਅਸਤਿਤਵ ਦਾ ਸਰਵੋਤਮ ਪ੍ਰਗਟਾਵਾ ਹੁੰਦਾ ਹੈ। ਪਿਆਰ-ਮਿਲਾਪ ਨਾਲ ਦੂਜੇ ਦਾ ਸਵੈ ਆਪਣਾ ਸਵੈ ਬਣ ਜਾਂਦਾ ਹੈ। ਪਿਆਰ ਵਿੱਚ ਬੁੱਧੀ ਨਿਸ਼ਕਿਰਿਆ ਹੋ ਜਾਂਦੀ ਹੈ।

4. ਗੈਬਰੀਲ ਮਾਰਸ਼ਲ

(Gabriel Marcel) 1889-1973

ਗੈਬਰੀਲ ਮਾਰਸ਼ਲ ਕੀਰਕੇਗਾਰਦ ਦੀ ਤਰ੍ਹਾਂ ਧਾਰਮਿਕ ਅਸਤਿਤਵਵਾਦੀ ਸੀ। ਉਹ ਫ਼ਰਾਂਸ ਦੇ ਇਕ ਅਮੀਰ ਘਰਾਣੇ ਵਿੱਚ ਜਨਮਿਆ। ਜੈਸਪਰਸ ਨਾਲ ਉਸਦੀ ਬੜੀ ਸਾਂਝ ਸੀ। ਦਾਰਸ਼ਨਿਕ ਖੇਤਰ ਵਿੱਚ ਉਸਦਾ ਸਥਾਨ ਜੈਸਪਰਸ ਜਿਤਨਾ ਉੱਚਾ ਤਾਂ ਨਹੀਂ ਫਿਰ ਵੀ ਉਸਨੇ ਇਸ ਖੇਤਰ ਵਿੱਚ ਕਈ ਮੌਲਿਕ ਵਿਸ਼ੇ ਛੂਹਕੇ ਆਪਣਾ ਸਥਾਨ ਧਾਰਮਿਕ ਅਸਤਿਤਵਵਾਦੀਆਂ ਵਿੱਚ ਨਿਸ਼ਚਿਤ ਕਰ ਲਿਆ। ਉਸ ਦਾ ਦਰਸ਼ਨ ਪ੍ਰਤਿਬਿੰਬ ਦਾ ਪ੍ਰਤਿਬਿੰਬ ਹੈ। ਉਸਨੇ ਅਮੂਰਤ ਦੀ ਥਾਂ ਸਮੂਰਤ (Concrete being) ਦੀ ਸਮਝ ’ਤੇ ਜ਼ੋਰ ਦਿੱਤਾ।

ਗੈਬਰੀਲ ਮਾਰਸ਼ਲ ਦੇ ਮੁੱਖ ਸੰਕਲਪ

ਉਮੀਦ ਦਾ ਅਧਿਆਤਮਵਾਦ (Metaphysics of Hope) ਵਿਸ਼ਵ ਦੀ ਆਸਤਿਕ ਧਾਰਨਾ ਦੇ ਅਨੁਸਾਰ ਮਾਰਸ਼ਲ ਨੇ ਉਮੀਦ ਦਾ ਅਧਿਆਤਮਵਾਦੀ ਸਿਧਾਂਤ ਦਿੱਤਾ। ਉਸਦਾ ਕਹਿਣਾ ਸੀ ਕਿ ਆਤਮਾ ਕੇਵਲ ਉਮੀਦ ਦੇ ਆਸਰੇ ਹੋਂਦ ਰੱਖਦੀ ਹੈ। ਉਮੀਦ ਦਾ ਭਾਵ ਡਰ ਤੋਂ ਮੁਨਕਰ ਹੋਣਾ ਨਹੀਂ ਸਗੋਂ ਸੰਸਾਰ ਦੀ ਉਦਾਸੀ ਤੋਂ ਇਨਕਾਰੀ ਹੋਣਾ ਹੈ। ਸੰਸਾਰ ਦਾ ਕਰਜ਼ ਚੁਕਾਉਣਾ ਹੈ। ਇਸਦੇ ਸਿਸਟਮ ਵਿੱਚ ਵਿਸ਼ਵਾਸ ਰੱਖਣਾ ਹੈ। ਇਸ ਦੀਆਂ ਕੀਮਤਾਂ ਵਿੱਚ ਭਰੋਸਾ ਕਰਨਾ ਹੈ। ਉਮੀਦ ਆਤਮਾ ਦੇ ਵਿਸ਼ੇਸ਼ ਅਧਿਕਾਰ ਵਾਲਾ ਖੇਤਰ ਹੈ। ਉਮੀਦ ਦਾ ਇੱਛਾ ਨਾਲ ਉਹੀ ਸੰਬੰਧ ਹੈ ਜੋ ਸਬਰ ਸੰਤੋਖ ਦਾ ਉਦਾਸੀਨਤਾ ਨਾਲ। ਇਹ ਦ੍ਰਿੜ੍ਹ ਇਰਾਦੇ ਦਾ ਅਮਲ ਹੈ ਜਿਸ ਦੀ ਪੁਸ਼ਟੀ ਵਿਸ਼ਵਾਸ ਕਰਦਾ ਹੈ। ਉਮੀਦ ਉਸੇ ਸੰਸਾਰ ਵਿੱਚ ਸੰਭਵ ਹੈ ਜਿਸ ਵਿੱਚ ਚਮਤਕਾਰਾਂ ਲਈ ਸਥਾਨ ਹੈ। ਉਮੀਦ ਦਾ ਮਾਡਲ ਬੁਰਾਈ ਤੋਂ ਛੁਟਕਾਰਾ ਹੈ। ਜਿਸਦਾ ਧਾਰਮਿਕ ਬੰਦਿਆਂ ਲਈ ਭਾਵ ਹੈ- ਲਿਵ ਲਾਉਣਾ ਭਾਵ ਪ੍ਰਭੂ ਦੀ ਹਾਜ਼ਰੀ ਵਿੱਚ ਰਹਿਣਾ। ਸੰਸਾਰਕ ਸੰਪੂਰਨਤਾ ਵਿੱਚ ਵਿਸ਼ਵਾਸ ਉੱਪਰ ਹੀ ਉਮੀਦ ਖੜੋਂਦੀ ਹੈ। ਇਹ ਸੰਸਾਰ ਵਿੱਚ ਹੀ ਅਰਥ ਰੱਖਦੀ ਹੈ ਜਿਸ ਵਿੱਚ ਟੁੱਟ-ਭੱਜ ਦੀਆਂ ਦਰਾੜਾਂ ਹਨ। ਜੇਕਰ ਅਜਿਹੀਆਂ ਦਰਾੜਾਂ ਨਹੀਂ, ਸੰਸਾਰ ਵਿੱਚ ਇਕਸੁਰਤਾ ਹੈ। ਤਾਂ ਮੁਕਤੀ (ਛੁਟਕਾਰਾ) ਦੀ ਵੀ ਲੋੜ ਨਹੀਂ, ਉਮੀਦ ਦੀ ਵੀ ਲੋੜ ਨਹੀਂ। ਉਦੋਂ ਕੇਵਲ ਸਿਆਣਪ ਅਤੇ ਸਵੈ ਦੇ ਉੱਥਾਨ ਦੀ ਲੋੜ ਹੋਵੇਗੀ। ਧਰਮ ਦੀ ਵੀ ਲੋੜ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 40