ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਹੋਵੇਗੀ, ਕੇਵਲ ਵੈਰਾਗ (Stoicism) ਦੀ ਲੋੜ ਹੋਵੇਗੀ। ਉਸ ਸਮੇਂ ਬੰਦਾ ਨੀਚ ਤੋਂ ਊਚ ਹੋਵੇਗਾ।

ਦਵੈਤਵਾਦ ਤੇ ਕਾਬੂ (Overcoming Dualism)

ਮਾਰਸ਼ਲ ਮਨੁੱਖਤਾ ਨੂੰ ਇਹ ਸਮਝਾਉਣਾ ਚਾਹੁੰਦਾ ਹੈ ਕਿ ਦਵੈਤਵਾਦ ਤੇ ਕਾਬੂ ਪਾਇਆ ਜਾਵੇ- ਅਜਿਹੀ ਦਵੈਤ ਜੋ ਵਿਸ਼ਾ ਅਤੇ ਵਸਤੂ, ਵਿਚਾਰ ਅਤੇ ਹੋਂਦ, ਬੁੱਧੀ ਅਤੇ ਮਰਜ਼ੀ, ਆਤਮਾ ਅਤੇ ਸਰੀਰ, ਸਵੈ ਅਤੇ ਰੱਬ ਆਦਿ ਵਿੱਚ ਪਾਈ ਜਾਂਦੀ ਹੈ। ਮਾਰਸ਼ਲ ਅਜਿਹੇ ਵਿਰੋਧ ਤੋਂ ਪਾਰ ਸੋਚਦਾ ਹੈ ਜਿਸ ਵਿੱਚ ਬੰਦਾ ਹੋਂਦ ਦਾ ਅਤੇ ਹੋਂਦ ਬੰਦੇ ਦਾ ਦਾਅਵਾ ਕਰਦੀ ਹੈ।

ਅਸਤਿਤਵ ਦਾ ਰਹੱਸ (Being as Mystery)

ਮਾਰਸ਼ਲ ਦੇ ਚਿੰਤਨ ਵਿੱਚ ਇਹ ਇੱਕ ਬੁਨਿਆਦੀ ਰਹੱਸ ਹੈ। ਬੰਦੇ ਦੀਆਂ ਬਿਪਤਾਵਾਂ ਲਈ ਕੋਈ ਬੌਧਿਕ ਹੱਲ ਨਹੀਂ ਕੱਢਿਆ ਜਾ ਸਕਦਾ। ਮਾਰਸ਼ਲ ਦੇ ਚਿੰਤਨ ਦਾ ਤੱਤ-ਮੀਮਾਂਸਕ ਰਹੱਸ ਆਤਮਾ ਦਾ (ਸਵੈ ਦਾ) ਉੱਚ ਸ਼ਕਤੀ (ਪਰਮਾਤਮਾ) ਨਾਲ ਮੇਲ ਹੈ। ਇਹ ਸਥੂਲ ਬੰਦੇ ਦਾ ਰਹੱਸ ਹੈ ਜਿਸਨੂੰ ਵਸਤੂ ਨਹੀਂ ਬਣਾਇਆ ਜਾ ਸਕਦਾ। ਇਹ ਦਸ਼ਾ ਅਨੁਭਵ-ਅਤੀਤ ਦੀ ਹੈ। ਇਸ ਦੀ ਪ੍ਰਾਪਤੀ ਮਨੁੱਖੀ ਸੁਤੰਤਰਤਾ ਰਾਹੀਂ ਹੀ ਸੰਭਵ ਹੈ। ਅਜਿਹੀ ਪ੍ਰਾਪਤੀ ਲਈ ਕਿਸੇ ਧਰਮ ਦੀ ਹਿਮਾਇਤ ਦੀ ਲੋੜ ਨਹੀਂ।

ਬੰਦਾ ਕੀ ਹੈ? ਉਸ ਪਾਸ ਕੀ ਹੈ? (What a Man is? What he Has?)

ਮਾਰਸ਼ਲ ਕਹਿੰਦਾ ਹੈ ‘ਮੈਂ' ਕੀ ਹਾਂ ਅਤੇ 'ਮੇਰੇ ਪਾਸ' ਕੀ ਹੈ? ਵਿੱਚ ਬੁਨਿਆਦੀ ਅੰਤਰ ਹੈ। ਜੋ ਕੁਝ ਮੇਰੇ ਕੋਲ ਹੈ ਉਹ ਮੈਥੋਂ ਬਾਹਰ, ਮੈਥੋਂ ਸੁਤੰਤਰ ਹੈ। ਮੈਂ ਇਸਨੂੰ ਠੀਕ ਤਰ੍ਹਾਂ ਸੰਭਾਲ ਵੀ ਸਕਦਾ ਹਾਂ, ਨਸ਼ਟ ਵੀ ਕਰ ਸਕਦਾ ਹਾਂ। ਬੰਦਾ ਆਪਣੇ ਜੀਵਨ ਨੂੰ ਬਚਾ ਵੀ ਸਕਦਾ ਹੈ, ਖ਼ਤਮ ਵੀ ਕਰ ਸਕਦਾ ਹੈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਉਹ ਕਿਹੜਾ ‘ਮੈਂ ਹੈ ਜੋ ਇਸਨੂੰ ਖ਼ਤਮ ਕਰਨਾ ਲੋਚਦਾ ਹੈ ਅਤੇ ਉਹ ਕਿਹੜਾ 'ਮੈਂ' ਹੈ ਜੋ ਇਸਨੂੰ ਖ਼ਤਮ ਕਰਨ ਤੋਂ ਇਨਕਾਰੀ ਹੈ ਅਰਥਾਤ ਬਚਾਉਣਾ ਲੋੜਦਾ ਹੈ। ਜਾਇਦਾਦਾਂ ਬਾਹਰਲੀ ਕਾਰਗਰ ਸ਼ਕਤੀ ਹਨ। ਬਾਹਰਲੀਆਂ ਵਸਤੂਆਂ ਤੇ ਕਬਜ਼ੇ ਦੀ ਭਾਵਨਾ ਮੈਨੂੰ ਚਿੰਤਾ ਵਿੱਚ ਸੁੱਟਦੀ ਹੈ। ਜਦੋਂ ਕਬਜ਼ਾ ਕਰਨ ਦੀ ਕਮਜ਼ੋਰੀ ਸਾਹਮਣੇ ਆਉਂਦੀ ਹੈ, ਖੁਆਇਸ਼ ਹੋਰ ਭਟਕਦੀ ਹੈ। ਚਿੰਤਾ ਇਹੋ ਰਹਿੰਦੀ ਹੈ ਕਿ ਕਬਜ਼ੇ ਵਾਲੀ ਚੀਜ਼ ਕੋਈ ਖੋਹ ਨਾ ਲਵੇ। ਦਰਅਸਲ ‘ਮੈਂ' ਦੇ ਵਿੱਚ ਮੇਰਾ ਸਰੀਰ, ਮੇਰੀ ਆਤਮਾ ਅਤੇ ਮੇਰਾ ਮਨ ਸ਼ਾਮਲ ਹੈ। 'ਮੇਰੇ ਪਾਸ' ਦੇ ਵਿੱਚ ਬਾਹਰੀ ਪਦਾਰਥ ਸ਼ਾਮਲ ਹਨ। ਅਸਤਿਤਵ ਅਤੇ ਜਾਇਦਾਦ ਦੀ ਟੱਕਰ ਸਦੀਵੀ ਹੈ। ਇਹ ਗੱਲ ਸਪਸ਼ਟ ਹੈ ਕਿ ਅਧਿਕਾਰਿਤ ਵਸਤੂ ਅਸਤਿਤਵ ’ਤੇ ਹਾਵੀ ਰਹਿੰਦੀ ਹੈ। ਪਦਾਰਥ ਹੋਂਦ ’ਤੇ ਭਾਰੂ ਰਹਿੰਦਾ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 41