ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਗਰਿਕਤਾ ਲੈ ਗਿਆ ਸੀ। ਉਸਨੇ ਕੀਰਕੇਗਾਰਦ ਦਾ ਪ੍ਰਭਾਵ ਵੀ ਕਬੂਲਿਆ। ਉਹ ਲੂਥਰ ਪਰੰਪਰਾ ਦਾ ਅਨੁਯਾਈ ਵੀ ਬਣਿਆ। ਇਸੇ ਸਮੇਂ ਅਸਤਿਤਵਵਾਦ ਦਾ ਵੀ ਜਬਰਦਸਤ ਪ੍ਰਚਾਰ ਹੋ ਰਿਹਾ ਸੀ। ਚੂੰਕਿ ਉਸਨੇ ਮੱਧ-ਮਾਰਗ ਅਖ਼ਤਿਆਰ ਕੀਤਾ ਹੋਇਆ ਸੀ। ਇਸ ਲਈ ਇਹ ਨਿਰਣਾ ਕਰਨਾ ਕਠਿਨ ਹੈ ਕਿ ਉਹ ਧਰਮ ਸ਼ਾਸਤਰੀ ਸੀ ਜਾਂ ਦਾਰਸ਼ਨਿਕ ਜਾਂ ਸਭਿਆਚਾਰ ਦਾ ਆਲੋਚਕ। ਉਹ ਆਪਣੇ ਪ੍ਰਭਾਵਸ਼ਾਲੀ ਭਾਸ਼ਣਾਂ ਦੁਆਰਾ ਸ੍ਰੋਤਿਆਂ ਦੇ ਆਹਮਣੇ-ਸਾਹਮਣੇ ਬਹਿਸ ਵਿੱਚ ਭਾਗ ਲੈਂਦਾ ਸੀ।

ਪਾਲ ਟਿੱਲਿਕ ਦੇ ਮੁੱਖ ਸੰਕਲਪ

ਵਿਧੀ ਅਤੇ ਯਥਾਰਥ (Method and Reality)

ਵਿਧੀ ਕਿਸੇ ਕੰਮ ਨੂੰ ਕਰਨ ਦੀ ਵਿਵਸਥਾ ਨੂੰ ਕਹਿੰਦੇ ਹਨ। ਸਾਨੂੰ ਜੀਵਨ ਦੇ ਯਥਾਰਥ ਦਾ ਸਾਹਮਣਾ ਕਰਨਾ ਪੈਂਦਾ ਹੈ। ਧਰਮ ਦੇ ਯਥਾਰਥ ਨਾਲ ਟੱਕਰ ਲੈਣ ਦਾ ਭਾਵ ਹੈ ਕਿ ਅਸਤਿਤਵ ਦਾ ਯਥਾਰਥ ਨਾਲ ਸਰੋਕਾਰ ਹੈ। ਧਰਮ ਸ਼ਾਸਤਰ (Theology) ਮਨੁੱਖੀ ਅਸਤਿਤਵ ਨਾਲ ਸੰਬੰਧਤ ਪ੍ਰਸ਼ਨਾਂ ਨੂੰ ਸੂਤਰਬਧ ਕਰਦਾ ਹੈ। ਇਹ ਮਨੁੱਖੀ ਹੋਂਦ ਦੇ ਪ੍ਰਸ਼ਨਾਂ ਦਾ ਉੱਤਰ ਦੈਵੀ-ਪ੍ਰਕਾਸ਼ ਰਾਹੀਂ ਸੂਤਰਬਧ ਕਰਨ ਦਾ ਕਾਰਜ ਵੀ ਕਰਦਾ ਹੈ। ਮਨੁੱਖੀ ਹੋਂਦ ਦੀਆਂ ਸਮੱਸਿਆਵਾਂ ਤੱਤ ਮੀਮਾਂਸਾ (Ontology) ਅਰਥਾਤ ਹੋਂਦ ਦੇ ਅਧਿਐਨ ਨਾਲ ਸੰਬੰਧਤ ਹਨ। ਹਰੇਕ ਦਰਸ਼ਨ ਦੀ ਖੋਜ ਦਾ ਪੈਂਡਾ ਮੁੜ-ਘਿੜਕੇ ਹੋਂਦ ਵੱਲ ਪਰਤਦਾ ਹੈ। ਅਰਥਾਤ ਬੰਦੇ ਦੀ ਹੋਂਦ ਦਾ ਕੀ ਅਰਥ ਹੈ? ਧਰਮ ਦੇ ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਅਰਥਾਂ ਦਰਮਿਆਨ ਸੰਬੰਧਾਂ ਨੂੰ ਆਪਸੀ ਮੇਲ ਦੀ ਵਿਧੀ (Method of Correlation) ਕਿਹਾ ਜਾਂਦਾ ਹੈ।

ਮੁੱਢਲਾ ਸਰੋਕਾਰ (The Ultimate Concern)

ਧਰਮ ਸ਼ਾਸਤਰ ਅਸਤਿਤਵੀ ਦ੍ਰਿਸ਼ਟੀ ਰੱਖਦਾ ਹੈ ਅਤੇ ਉਸ ਸਮੇਂ ਇਹ ਅਸਤਿਤਵ ਦੇ ਮੂਲ ਸਰੋਕਾਰ ਦੀ ਵਿਆਖਿਆ ਕਰਦਾ ਹੈ। ਦਾਰਸ਼ਨਿਕ ਪ੍ਰਸ਼ਨ ਖੜ੍ਹੇ ਕਰਦਾ ਹੈ ਅਤੇ ਧਰਮ ਸ਼ਾਸਤਰੀ ਉੱਤਰ ਤਿਆਰ ਕਰਦਾ ਹੈ। ਵਿਸ਼ਵਾਸ ਦਾ ਸੰਕਲਪ ਨਾਲ ‘ਮੂਲ ਸਰੋਕਾਰ' ਹੁੰਦਾ ਹੈ। ਧਾਰਮਿਕ ਵਿਵਹਾਰ ਦਾ ਸਾਰ ਹੀ ਬੁਨਿਆਦੀ ਸਰੋਕਾਰ (Ultimate Concern) ਅਖਵਾਉਂਦਾ ਹੈ। ਇਸ ਸਰੋਕਾਰ ਦਾ ਉਦੇਸ਼ ਨਿਰਮਲ ਹੁੰਦਾ ਹੈ। ਜੀਵਤ ਪ੍ਰਾਣੀ ਵਜੋਂ ਬੰਦਾ ਅਨੇਕਾਂ ਵਸਤਾਂ ਨਾਲ ਸਰੋਕਾਰ ਰੱਖਦਾ ਹੈ ਪਰ ਸਭ ਤੋਂ ਵੱਧ ਉਸਦਾ ਸਰੋਕਾਰ ਆਪਣੀ ਹੋਂਦ ਨਾਲ ਹੁੰਦਾ ਹੈ। ਇਹ ਸਰੋਕਾਰ ਉਸ ਪਾਸੋਂ ਆਤਮ-ਸਮਰਪਣ ਦੀ ਮੰਗ ਕਰਦਾ ਹੈ ਅਤੇ ਹੋਰ ਸਰੋਕਾਰ ਲਾਂਭੇ ਰੱਖੇ ਜਾਂਦੇ ਹਨ। ਵਿਸ਼ਵਾਸ (Faith) ਧਰਮ ਸ਼ਾਸਤਰ ਦੀ ਮੁੱਢਲੀ ਸ਼ਰਤ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 46