ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੱਬ (God)

ਕੀ ਰੱਬੀ ਹੋਂਦ ਮਾਨਵੀ ਹੋਂਦ ਵਰਗੀ (Being-itSelf) ਹੈ? ਜਦੋਂ ਸਰਵੁੱਚ ਹੋਂਦ (Highest Being) ਨੂੰ ਅਸੀਮ ਸ਼ਕਤੀ ਦਿੱਤੀ ਜਾਂਦੀ ਹੈ, ਉਹ ਅਸਤਿਤਵ ਗੁਆ ਬਹਿੰਦਾ ਹੈ ਅਤੇ ਬੀਇੰਗ ਇਟਸੈਲਫ਼ ਹੋ ਜਾਂਦਾ ਹੈ। ਇਸ ਦੀ ਥਾਂ ਉਸਨੂੰ ਹੋਂਦ ਦੀ ਸ਼ਕਤੀ (Power of Being) ਨਾਲੋਂ ਹੋਂਦ ਦਾ ਆਧਾਰ (Ground of Being) ਮੰਨਣਾ ਵਧੇਰੇ ਠੀਕ ਹੈ। ਬੀਇੰਗ ਇਟਸੈਲਫ਼ ਵਜੋਂ ਰੱਬ ਸਾਰਵਾਦੀ ਅਤੇ ਅਸਤਿਤਵੀ ਹੋਂਦ ਤੋਂ ਪਾਰ ਹੈ। ਰੱਬੀ ਹੋਂਦ ਜਿਸ ਵਿੱਚ ਉਸਦਾ ‘ਸਾਰ’ ਸ਼ਾਮਲ ਨਾ ਹੋਵੇ, ਸਵੈ-ਵਿਰੋਧੀ ਟਰਮ ਹੈ। ਇਉਂ ਅਜਿਹਾ ਰੱਬ ਸਾਹਮਣੇ ਆਉਂਦਾ ਹੈ, ਜਿਸਦੀ ਹੋਂਦ ਸਾਰਵਾਦੀ ਸੰਭਾਵਨਾਵਾਂ ਪੂਰੀਆਂ ਨਹੀਂ ਕਰਦੀ। Being and not-yet-Being ਉਸ ਵਿੱਚ ਰਲ ਮਿਲ ਜਾਂਦੇ ਹਨ। ਇਹ ਗੁਣ ਤਾਂ ਹਰ ਸੀਮਾਬਧ ਜੀਵ ਵਿੱਚ ਵੀ ਹੁੰਦੇ ਹਨ। ਏਦਾਂ ਰੱਬ, ਰੱਬ ਨਹੀਂ ਰਹਿੰਦਾ। ਅਜਿਹੇ ਵਿਚਾਰ ਸੇਂਟ ਥਾਮਸ ਦੇ ਹਨ ਜੋ ਸੇਂਟ ਅਗਸਟਨ ਅਤੇ ਅਰਸਤੂ ਦੇ ਵਿਚਾਰਾਂ ਨੂੰ ਮਿਲਾਂਦਾ ਹੈ। ਅਰਥਾਤ ਰੱਬੀ ਹੋਂਦ ਵਿੱਚ ਸਾਰ ਸ਼ਾਮਲ ਹੈ (ਅਗਸਟਨ); ਰੱਬੀ ਹੋਂਦ ਦੁਨਿਆਵੀ ਹੋਂਦ ਤੋਂ ਹੋਂਦ ਪ੍ਰਾਪਤ ਕਰਦੀ ਹੈ (ਅਰਸਤੂ)

ਪਾਲ ਟਿੱਲਿਕ ਰੱਬ ਸੰਬੰਧੀ ਅਨੇਕਾਂ ਪ੍ਰਸ਼ਨ ਖੜ੍ਹੇ ਕਰਦਾ ਹੈ, ਜਿਵੇਂ ਰੱਬੀ ਹੋਂਦ ਕਿਉਂ ਹੈ? ਰੱਬ ਦੀ ਸਿਰਜਨਾ ਕਿਸਨੇ ਕੀਤੀ? ਜੇ ਰੱਬ ਦੀ ਹੋਂਦ ਹੈ ਤਾਂ ਫਿਰ ਉਹ ਜੀਵ (Creature) ਹੈ ਅਤੇ ਜੀਵ-ਸਿਰਜਕ (Creator) ਨਹੀਂ ਹੋ ਸਕਦਾ। ਇਸ ਲਈ ਉਸਦਾ ਸੁਝਾਓ ਹੈ ਰੱਬ ਨੂੰ Ground of being itself ਵਜੋਂ ਸਮਝਿਆ ਜਾਵੇ। ਉਹ ਨਿਜੀ (Personal) ਨਿਜ ਤੋਂ ਪਾਰ (Transpersonal) ਦੋਵੇਂ ਗੁਣ ਰੱਖਦਾ ਹੈ।

ਟਿੱਲਿਕ ਦਾ ਇਹ ਵੀ ਵਿਚਾਰ ਹੈ ਕਿ ਰੱਬ ਨੂੰ ਕਰਤਾ-ਕਰਮ ਦੀ ਦੁਵੰਡ ਵਿੱਚ ਪਾਉਣਾ ਦੈਵੀ ਪਵਿੱਤਰਤਾ ਦਾ ਅਪਮਾਨ ਹੈ। ਉਸ ਦਾ ਵਿਚਾਰ ਹੈ ਕਿ ਰੱਬ Being-itself ਤੋਂ ਪਾਰ ਹੈ ਅਤੇ ਆਪਣੀ ਸਿਰਜਨਾ ਦੀ ਹੋਂਦ ਵਿੱਚ ਆਪਣਾ ਪ੍ਰਗਟਾਵਾ ਕਰਦਾ ਹੈ। ਪਾੱਲ ਟਿਲਿਕ ਰੱਬ ਦੇ ਪਰੰਪਰਾਗਤ... ਅਰਥਾਂ ਤੋਂ ਪਾਰ ਜਾਂਦਾ ਹੋਇਆ ‘ਰੱਬ ਉੱਪਰ ਰੱਬ’ (God Above God) ਦਾ ਸੰਕਲਪ ਪੇਸ਼ ਕਰਦਾ ਹੈ। ਜੋ ਸ਼ੰਕਾ (Doubt) ਦੀ ਹਾਲਤ ਵਿੱਚ ਨਿਰਰਥਕਤਾ ਨੂੰ ਅਰਥ ਪ੍ਰਦਾਨ ਕਰਦਾ ਹੈ। ਉਸੇ ਨੂੰ ਉਹ ਸ਼ਕਤੀ ਦੀ ਹੋਂਦ (Power of Being) ਕਹਿੰਦਾ ਹੈ। ਇਹੋ ਸਥਿਤੀ ਬੰਦੇ ਨੂੰ ਦਲੇਰੀ (Courage to be) ਵੱਲ ਪ੍ਰੇਰਿਤ ਕਰਦੀ ਹੈ।

ਪਾੱਲ ਟਿੱਲਿਕ ਉਸ ਰਵਾਇਤੀ ਆਸਤਿਕਤਾ ਦੀ ਨਿੰਦਿਆ ਕਰਦਾ ਹੈ ਜਿਸ ਅਨੁਸਾਰ ਰੱਬ ਸੁਰਗ ਵਿੱਚ ਇੱਕ ਬੰਦੇ ਵਾਂਗ ਉੱਪਰ ਰਹਿੰਦਾ ਹੈ। ਉਹ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 47