ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਗਿਆਨਕ ਯੁੱਗ ਵਿੱਚ ਮਿੱਥਾਂ ਨੂੰ ਬਹੁਤਾ ਮਹੱਤਵ ਦੇਣ ਦੇ ਹੱਕ ਵਿੱਚ ਨਹੀਂ। ਚਮਤਕਾਰੀ ਗੱਲਾਂ ਮੌਜੂਦਾ ਸੰਸਾਰ ਵਿੱਚ ਬਹੁਤੀਆਂ ਮੰਨਣਯੋਗ ਨਹੀਂ ਹਨ। ਮਿਥਿਹਾਸ ਤਾਂ ਰੱਬ ਨੂੰ ਸੁਰਗ ਵਿੱਚ ਅਤੇ ਇਸ ਤੋਂ ਬਿਨਾ ਨਰਕ-ਸੁਰਗ ਦੇ ਸਿੱਧਾਂਤ ਨੂੰ ਮੰਨਦਾ ਹੈ ਜਦੋਂ ਕਿ ਅਜਿਹੀਆਂ ਗੱਲਾਂ ਰੱਬੀ ਯਥਾਰਥ ਨੂੰ ਵਿਰੂਪਤ ਕਰਦੀਆਂ ਹਨ। ਮਿਥਿਹਾਸ ਤਾਂ ਨਿਰਾਕਾਰ ਰੱਬ ਨੂੰ ਵਸਤੂ ਰੂਪ ਵਿੱਚ ਵੇਖਦਾ ਹੈ। ਇਹ ਸਮਝ ਲੈਣਾ ਵੀ ਠੀਕ ਨਹੀਂ ਹੋਵੇਗਾ ਕਿ ਬੁਲਟਮਾਨ ਸਾਰੀਆਂ ਮਿਥਿਹਾਸਕ ਕਹਾਣੀਆਂ ਪਿਛੇ ਛੁਪੇ ਅਰਥਾਂ ਨੂੰ ਸਮਝਣ ਤੋਂ ਇਨਕਾਰੀ ਹੈ। ਉਸਦਾ ਭਾਵ ਤਾਂ ਈਸਾ ਦੇ ਅਸਤਿਤਵੀ ਵਿਸ਼ਲੇਸ਼ਣ ਦੀ ਯਥਾਰਥਕ ਪਹੁੰਚ ਹੈ।

ਜ਼ਮੀਰ (Conscience)

ਜ਼ਮੀਤ ਬੁਲਟਮਾਨ ਦੇ ਸਿਧਾਂਤ ਦਾ ਕੇਂਦਰੀ ਨੁਕਤਾ ਹੈ। ਕਾਂਤ ਨੇ ਵੀ ਜ਼ਮੀਰ ਨੂੰ ਮਹੱਤਵ ਦਿੱਤਾ ਹੈ। ਮਿੱਲ ਅਨੁਸਾਰ ਜ਼ਮੀਰ ਸਾਡੇ ਆਪਣੇ ਮਨ ਦਾ ਅਹਿਸਾਸ ਹੈ। ਵਿਸ਼ੇਸ਼ ਕਰਕੇ ਇਹ ਅਜਿਹੀ ਭਾਵਨਾ ਹੈ ਜੋ ਫ਼ਰਜ਼ ਦੀ ਪੂਰਤੀ ਨਾ ਕਰ ਸਕਣ ਦੀ ਪੀੜ ਵਿੱਚੋਂ ਉਤਪੰਨ ਹੁੰਦੀ ਹੈ। ਹਾਈਡਿਗਰ ਦਾ ਜ਼ਮੀਰ ਸਿੱਧਾਂਤ ਸਮੁੱਚੀ ਮਨੁੱਖੀ ਹੋਂਦ ਨੂੰ ਪ੍ਰਭਾਵਿਤ ਕਰਦਾ ਹੈ। ਇਹ ਤਾਂ ਸਵੈ ਦਾ ਸਵੈ ਨੂੰ ਸੱਦਾ ਹੈ। ਸੱਦਣ ਵਾਲਾ ਬੰਦਾ ਆਪ ਹੀ ਹੈ। ਬੁਲਟਮਾਨ ਦਾ ਜ਼ਮੀਰ ਸੰਬੰਧੀ ਵਿਚਾਰ ਸਿੱਧੇ ਤੌਰ 'ਤੇ ਹਾਈਡਿਗਰ ਤੋਂ ਪ੍ਰਭਾਵਿਤ ਹੈ। ਉਹ ਮੰਨਦਾ ਹੈ ਕਿ ਈਸਾਈਅਤ ਅਤੇ ਅਸਤਿਤਵਵਾਦ ਦੋਵੇਂ ਇਸ ਗੱਲ ਤੇ ਇੱਕ ਮੱਤ ਹਨ ਕਿ ਬੰਦਾ ਪਤਿਤ ਹੈ। ਸੰਖੇਪ ਇਹ ਹੈ ਕਿ ਜ਼ਮੀਰ ਬੰਦੇ ਨੂੰ ਪ੍ਰਮਾਣਿਕ ਅਸਤਿਤਵ ਪ੍ਰਦਾਨ ਕਰ ਸਕਦੀ ਹੈ।

ਬਖ਼ਸ਼ਸ਼ (Grace)

ਬੁਲਟਮਾਨ ਦਾ ਵਿਚਾਰ ਹੈ ਕਿ ਬਖ਼ਸ਼ਸ਼ ਰੱਬ ਦਾ ਕੋਈ ਵਿਸ਼ੇਸ਼ ਗੁਣ ਨਹੀਂ ਹੈ। ਕਰੋਪੀ (Wrath) ਵੀ ਉਸਦਾ ਗੁਣ ਨਹੀਂ ਹੈ। ਇਹ ਤਾਂ ਉਸਦੀ ਰਾਇ (Judgement) ਦਾ ਵਾਕਿਆ ਹੈ। ਰੱਬ ਨੇ ਬੰਦੇ ਨੂੰ ਇੱਕ ਜ਼ਿੰਮੇਵਾਰ ਵਿਅਕਤੀ ਵਜੋਂ ਸਿਰਜਿਆ ਅਤੇ ਉਸਨੂੰ ਆਪਣੇ ਅਸਤਿਤਵ ਨੂੰ ਪ੍ਰਮਾਣਿਕ ਜਾਂ ਅਪ੍ਰਮਾਣਿਕ ਬਣਾਉਣ ਦੀ ਸੰਭਾਵਨਾ ਦਿੱਤੀ ਹੈ। ਬੰਦੇ ਦੀ ਆਪਣੇ ਆਪ ਤੋਂ ਦੂਰੀ ਉਸਦੀ ਰੱਬ ਤੋਂ ਦੂਰੀ ਬਣ ਜਾਂਦੀ ਹੈ। ਬੰਦੇ ਨੂੰ ਉਸਦੀ ਕਰੋਪੀ ਤੋਂ ਬਚਣ ਲਈ ਆਪਣੀ ਸੰਭਾਵਨਾ ਵਿੱਚ ਸਿਦਕ ਰੱਖਣਾ ਚਾਹੀਦਾ ਹੈ। ਬੰਦਾ ਆਪਣੇ ਗੁਨਾਹਾਂ ਕਾਰਨ ਅਜਿਹੀ ਸਥਿਤੀ ਵਿੱਚ ਡਿੱਗ ਜਾਂਦਾ ਹੈ ਜਿਸ ਵਿੱਚੋਂ ਆਪਣੀਆਂ ਸੰਭਾਵਨਾਵਾਂ ਵਰਤ ਕੇ ਉਸ ਲਈ ਪ੍ਰਮਾਣਿਕ ਅਸਤਿਤਵ ਗ੍ਰਹਿਣ ਕਰਨਾ ਕਠਿਨ ਹੋ ਜਾਂਦਾ ਹੈ। ਆਪਣੀ ਗਿਰਾਵਟ ਵਾਲੀ ਸਥਿਤੀ ਵਿੱਚ ਵੀ ਬੰਦਾ ਆਪਣੀਆਂ ਸੰਭਾਵਨਾਵਾਂ ਬਖ਼ਸ਼ਸ਼ ਦੁਆਰਾ ਪ੍ਰਾਪਤ ਕਰ ਸਕਦਾ ਹੈ। ਬੁਲਟਮਾਨ ਸੇਂਟ ਪਾਲ ਦਾ ਹਵਾਲਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 51