ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿੰਦਿਆਂ ਕਹਿੰਦਾ ਹੈ, By the Grace of God, I am what I am ਅਜਿਹੀ ਸਮਝ ’ਤੇ ਬੁਲਟਮਾਨ ਨੇ ਕਾਫ਼ੀ ਵਜ਼ਨ ਦਿੱਤਾ ਹੈ। ਅਜਿਹੀ ਸਥਿਤੀ ਨੂੰ ਪਰਾਸਰੀਰਕ ਆਖਿਆ ਜਾ ਸਕਦਾ ਹੈ ਕਿ ਇਹ ਬੰਦੇ ਦੀ ਸਥਿਤੀ ਵਿੱਚ ਬਾਹਰੋਂ ਦਖ਼ਲ ਹੈ।

ਸੰਭਾਵਨਾ, ਤਥਾਤਮਕਤਾ, ਪਤਿਤ (Possibility, Facticity, Fallenness)

ਉਪਰੋਕਤ ਸੰਕਲਪਾਂ ਅਨੁਸਾਰ, ਬੁਲਟਮਾਨ ਨੇ, ਹਾਈਡਿਗਰ ਦੇ ਅਧਿਐਨ ਦੀ ਰੌਸ਼ਨੀ ਵਿੱਚ ਸੰਭਾਵਨਾਵਾਂ ਨੂੰ ਬੰਦੇ ਦੇ ਭਵਿੱਖਕਾਲ; ਤਥਾਤਮਕਤਾ ਨੂੰ ਬੰਦੇ ਦੇ ‘ਭੂਤ ਨਾਲ' ਅਤੇ ਪਤਿਤਪੁਣੇ ਨੂੰ ‘ਵਰਤਮਾਨ' ਵਿੱਚ ਅਸਤਿਤਵਵਾਦੀ ਦ੍ਰਿਸ਼ਟੀਕੋਨ ਤੋਂ ਸਮਝਣ ਦਾ ਉਪਰਾਲਾ ਕੀਤਾ ਹੈ।

ਅਪ੍ਰਮਾਣਿਕ ਅਤੇ ਪ੍ਰਮਾਣਿਕ ਅਸਤਿਤਵ (Inauthentic and authentic Existence)

ਪਤਿਤ ਬੰਦਾ ਆਪਣੀ ਡਾਵਾਂ-ਡੋਲਤਾ ਕਾਰਨ ਅਪ੍ਰਮਾਣਿਕ ਹੋਂਦ ਰੱਖਦਾ ਹੈ। ਉਹ ਇੱਕ ਸੰਭਾਵਨਾ ਤੋਂ ਦੂਜੀ ਵੱਲ ਟੱਪਦਾ ਰਹਿੰਦਾ ਹੈ। ਉਸਦੀ ਹੋਂਦ ਉਸਦੀ ਆਪਣੀ ਨਹੀਂ ਹੁੰਦੀ ਸਗੋਂ ਮੌਕੇ ਦੇ ਰਹਿਮ ਤੇ ਹੁੰਦੀ ਹੈ, ਇਸ ਲਈ ਉਸ ਵਿੱਚ ਇਕਸੁਰਤਾ ਨਹੀਂ ਹੁੰਦੀ ਪਰ ਜਦੋਂ ਜ਼ਮੀਰ ਉਸਨੂੰ ਫ਼ੈਸਲੇ ਲਈ ਸੱਦਾ ਦਿੰਦੀ ਹੈ ਤਾਂ ਸਾਰੀ ਸਥਿਤੀ ਉਸ ਅੱਗੇ ਨੰਗੀ ਹੋ ਜਾਂਦੀ ਹੈ, ਉਸ ਸਮੇਂ ਉਹ ਸਹੀ ਨਿਰਣਾ ਲੈ ਸਕਦਾ ਹੈ। ਸਹੀ ਨਿਰਣਾ ਹਮੇਸ਼ਾ ਫੈਕਟੀਸਿਟੀ ਨੂੰ ਪਰਵਾਨ ਕਰਦਾ ਹੈ। ਬੁਲਟਮਾਨ ਦਾ ਵਿਚਾਰ ਹੈ ਕਿ ਹੱਡ-ਮਾਸ ਦਾ ਪੁਤਲਾ ਬੁਰਾਈਆਂ ਤੋਂ ਬਚ ਹੀ ਨਹੀਂ ਸਕਦਾ ਪਰ ਜਦ ਉਹ ‘ਤੁਮ ਠਾਕੁਰ ਤੁਮ ਪਹਿ ਅਰਦਾਸ’ ਦੀ ਸਥਿਤੀ ਵਿੱਚ ਆਉਂਦਾ ਹੈ ਤਾਂ ਉਹ ਰੱਬ ਦਾ ‘ਬਾਲਕ' ਬਣਕੇ ਉਸਦੀ ਸ਼ਕਤੀ ਨਾਲ ਪ੍ਰਮਾਣਿਕ ਅਸਤਿਤਵ ਅਖਤਿਆਰ ਕਰ ਜਾਂਦਾ ਹੈ।

ਭਾਈਚਾਰਕ ਹੋਂਦ (Existence in Community)

ਆਪਣੇ ਇੱਕ ਸੰਖੇਪ ਨਿਬੰਧ Forms of Human Community ਵਿੱਚ ਬੁਲਟਮਾਨ ਮਨੁੱਖੀ ਭਾਈਚਾਰੇ ਪ੍ਰਤਿ ਸਮਾਜਵਾਦੀ ਦੀ ਥਾਂ ਪਰਾਭੌਤਿਕ (ਅਸਤਿਤਵਵਾਦੀ) ਪਹੁੰਚ ਵੱਲ ਸੰਕੇਤ ਕਰਦਾ ਹੈ। ਕਮਿਊਨਿਟੀ ਨੂੰ ਉਹ ਚਾਰ ਭਾਗਾਂ ਵਿੱਚ ਵੰਡਦਾ ਹੈ:

1. ਕੁਦਰਤੀ ਭਾਈਚਾਰਾ: ਇਸ ਕਿਸਮ ਦਾ ਭਾਈਚਾਰਾ ਬੰਦੇ ਦਾ ਖੂਨ ਅਤੇ ਜਨਮ-ਭੂਮੀ ਦੀ ਮਿੱਟੀ ਨਾਲ ਜੁੜਿਆ ਹੁੰਦਾ ਹੈ। ਜਿਸ ਦੀਆਂ ਉਦਾਹਰਨਾਂ ਪਰਿਵਾਰ ਅਤੇ ਕੌਮ ਆਦਿ ਹਨ।

2. ਇਤਿਹਾਸਕ ਭਾਈਚਾਰਾ: ਇਹ ਭਾਈਚਾਰਾ ਸਾਂਝੇ ਅਨੁਭਵਾਂ ਅਤੇ ਸਾਂਝੇ ਕਾਰਜਾਂ ਰਾਹੀਂ ਬਣਦਾ ਹੈ, ਜਿਵੇਂ ਰਾਜ, ਦੇਸ਼ ਆਦਿ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 52