ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਿੰਤਨ ਨੂੰ ਬਹੁਤ ਜ਼ਿਆਦਾ ਅਸਰ-ਅੰਦਾਜ਼ ਕੀਤਾ। ਉਹ ਨਾਸਤਕ ਸੀ। ਤਰਕ, ਸਰਵ-ਵਿਆਪਕਤਾ ਅਤੇ ਨੈਤਿਕਤਾ ਨੂੰ ਸਹਿਣ ਨਹੀਂ ਕਰਦਾ ਸੀ। ਕੀਰਕੇਗਾਰਦ ਅਤੇ ਨੀਤਸ਼ੇ ਦੋਵੇਂ ਅਸਤਿਤਵਵਾਦੀ ਸਨ। ਨੀਤਸ਼ੇ ਆਪਣੀ ਪ੍ਰਮੁੱਖ ਚੋਣ ਸੀਮਾਬਧਤਾ ਵਿੱਚੋਂ ਕਰਦਾ ਹੈ, ਕੀਰਕੇਗਾਰਦ ਇਸੇ ਨੂੰ ਰੱਦ ਕਰਦਾ ਹੈ। ਕੀਰਕੇਗਾਰਦ ਆਪਣੇ ਲਹੂ ਵਿੱਚ ਡੁੱਬਕੇ ਲਿਖਦਾ ਸੀ ਜਦੋਂ ਕਿ ਨੀਤਸ਼ੇ ਦੀਆਂ ਲਿਖਤਾਂ ਦਾ ਆਧਾਰ ਉਸਦਾ ਜੋਸ਼ੀਲਾਪਨ ਸੀ। ਦੋਵੇਂ ਇਕਾਂਤ ਪਸੰਦ ਸਨ। ਨੀਤਸ਼ੇ ਦੀ ਸਮੱਸਿਆ ਸੀ ਕਿ ਸ਼ੰਕਾਵਾਦ, ਨਿਰਾਸ਼ਾਵਾਦ, ਸਰਬਨਾਸ਼ਵਾਦ ਅਤੇ ਗਿਆਨ ਦੀ ਸਾਰੀ ਨਿਸ਼ਚਿਤਤਾ ਨੂੰ ਨਸ਼ਟ ਕਰਕੇ ਉਸਤੇ ਕਾਬੂ ਪਾਉਣਾ। ਉਹ ਹੌਸਲਾ ਢਾਉ ਅਤੇ ਕਮਜ਼ੋਰ ਦਰਸ਼ਨ ਦਾ ਵਿਰੋਧੀ ਸੀ। ਉਸਦੇ ਦਰਸ਼ਨ ਬਾਰੇ ਬੜਾ ਕੁੱਝ ਆਖਿਆ ਜਾ ਸਕਦਾ ਹੈ। ਇੱਥੇ ਕੇਵਲ ਇਤਨਾ ਹੀ ਕਹਿਣਾ ਕਾਫ਼ੀ ਹੈ ਕਿ ਉਸਨੇ ਪੱਛਮੀ ਦਰਸ਼ਨ ਨੂੰ ਸਿਰ-ਪਰਨੇ ਕਰਕੇ ਰੱਖ ਦਿੱਤਾ। ਸਾਡਾ ਸੰਬੰਧ ਇੱਥੇ ਉਸਦੇ ਪ੍ਰਮੁੱਖ ਅਸਤਿਤਵਵਾਦੀ ਸੰਕਲਪਾਂ ਨਾਲ ਹੈ।

ਫਰੈਡਰਿਕ ਨੀਤਸ਼ੇ ਦੇ ਮੁੱਖ ਸੰਕਲਪ

ਮਹਾਂ-ਮਾਨਵ (Superman)

ਫਰੈਡਰਿਕ ਨੀਤਸ਼ੇ ਨੇ ਮਹਾਂ ਮਾਨਵ ਦਾ ਸੰਕਲਪ ਪੇਸ਼ ਕੀਤਾ। ਮਨੁੱਖਤਾ ਨੂੰ ਮਹਾਂ-ਮਾਨਵ ਪੈਦਾ ਕਰਨੇ ਚਾਹੀਦੇ ਹਨ। ਬੰਦਾ ਬਹੁਤ ਉੱਚੀਆਂ ਸਿਖ਼ਰਾਂ ਛੋਹ ਸਕਦਾ ਹੈ। ਆਪਣੀ ਮਹਾਨ ਰਚਨਾ ‘ਜ਼ਰਥਸਟਰਾ' (Thus Spake Zarthustra) ਵਿੱਚ ਉਹ ਕਹਿੰਦਾ ਹੈ ਕਿ ਸੰਸਾਰ ਵਿੱਚ ਵੱਡੇ ਛੋਟੇ ਆਦਮੀ ਤਾਂ ਮਿਲਦੇ ਹਨ ਪਰ ਮਹਾਂ-ਮਾਨਵ ਘੱਟ। ਉਸਦਾ ਕਥਨ ਸੀ ਸ਼ਕਤੀ ਤੋਂ ਪੈਦਾ ਹੋਣ ਵਾਲੀ ਹਰ ਸ਼ੈਅ ਚੰਗੀ ਹੈ ਪਰ ਕਮਜ਼ੋਰੀ ਤੋਂ ਪੈਦਾ ਹੋਣ ਵਾਲੀ ਹਰ ਸ਼ੈਅ ਮਾੜੀ। ਜ਼ਰਥੂਸਟਰਾ ਖ਼ੁਦ ਮਹਾਂ-ਮਾਨਵ ਦੀ ਇੱਕ ਉਦਾਹਰਨ ਸੀ। ਨੀਤਸ਼ੇ ਦਾ ਵਿਚਾਰ ਸੀ ਕਿ ਸਾਨੂੰ ਤੰਦਰੁਸਤ, ਮਜ਼ਬੂਤ, ਫੁਰਤੀਲੇ, ਸਖ਼ਤ ਅਤੇ ਸੰਨ ਬੰਦਿਆਂ ਦੀ ਲੋੜ ਹੈ। ਹਰ ਫ਼ੈਸਲਾਕੁਨ ਗੱਲ ਔਕੜਾਂ ਨਾਲ ਟੱਕਰ ਵਿੱਚੋਂ ਪੈਦਾ ਹੁੰਦੀ ਹੈ। ਉਹ ਪ੍ਰਸ਼ਨ ਕਰਦਾ ਹੈ "I Teach you the Superman. Man is something that is to be surpassed. What have ye done to surpass man?" ਉਸ ਨੇ ਆਖਿਆ, 'ਮਹਾਂ ਮਾਨਵ ਹੀ ਧਰਤੀ ਨੂੰ ਅਰਥਵਾਨ ਬਣਾ ਸਕਦੇ ਹਨ। ਉਹ ਇਸੇ ਲਈ ਧਰਤੀ ਨਾਲ ਸੱਚੇ ਰਹਿਣ ਦਾ ਸੰਦੇਸ਼ ਦਿੰਦਾ ਹੈ। ਸਾਰੇ ਰੱਬ ਮਰ ਗਏ ਹਨ। ਇਸ ਲਈ ਸੰਸਾਰ ਨੂੰ ਮਹਾਂ-ਮਾਨਵ ਦੀ ਲੋੜ ਹੈ। ਹੁਕਮ ਦੇਣਾ ਔਖਾ ਹੈ। ਆਗਿਆ ਦਾ ਪਾਲਣ ਕਰਨਾ ਸੌਖਾ ਹੈ। ਨੀਤਸ਼ੇ ਮਹਾਂ-ਮਾਨਵ ਨੂੰ ਧਰਮ ਦੀਆਂ ਬੰਦਸ਼ਾਂ ਤੋਂ ਬਚਾਉਣਾ ਚਾਹੁੰਦਾ ਹੈ। ਕਰੁਣਾਮਈ ਵਿਹਾਰ (Pathetic Attitude) ਵਡੱਪਣ ਨਾਲ ਸੰਬੰਧਤ ਨਹੀਂ ਹੁੰਦਾ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 57