ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਵਿਆਪਕ ਸੀਮਾਵਾਂ ਹਨ ਜੋ ਮਨੁੱਖੀ ਜੀਵਨ ਨੂੰ ਅਸੁਰੱਖਿਅਤ ਕਰਦੀਆਂ ਹਨ। ਨਿਜੀ ਅਸਤਿਤਵ ਇਨ੍ਹਾਂ ਨਾਲ ਟਕਰਾਉਣਾ, ਇਨ੍ਹਾਂ ਨਾਲ ਨਿਪਟਣਾ ਸਿੱਖ ਲੈਂਦਾ ਹੈ। 'ਜਿੰਦੁ ਕੋ ਸਮਝਾਇ' ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ। ਅਸਤਿਤਵ (Being in itself) 'ਸਾਹੇ ਲਿਖੇ ਨਾ ਚਲਣੀ' ਅਨੁਸਾਰ ਇਨ੍ਹਾਂ ਕਠਿਨ ਪਰਿਸਥਿਤੀਆਂ ਦਾ ਮੁਕਾਬਲਾ ਕਰਦਾ ਹੈ। ਸਵੈ ਨੂੰ ਅਨੁਭਵ ਹੁੰਦਾ ਹੈ ਕਿ ਇੱਕ ਦਿਨ ਉਸਦੀ ਮੌਤ ਹੋਣੀ ਹੈ। ਕਿਸੇ ਮਿੱਤਰ ਦੀ ਮੌਤ ਨਾਲ ਭਾਵੇਂ ਉਸ ਨਾਲੋਂ ਤਾਲਮੇਲ ਸਮਾਪਤ ਹੋ ਜਾਂਦਾ ਹੈ ਫਿਰ ਵੀ ਉਸ ਨਾਲੋਂ ਸੰਬੰਧ ਪੂਰੀ ਤਰ੍ਹਾਂ ਸਮਾਪਤ ਨਹੀਂ ਹੁੰਦੇ। ਸਵੈ ਦੀ ਉਸ ਪ੍ਰਤੀ ਨਿਸ਼ਠਾ ਨਾਲ ਉਹ ਮ੍ਰਿਤਕ ਵੀ ਪ੍ਰਭਾਵਿਤ ਕਰਦਾ ਰਹਿੰਦਾ ਹੈ। ਫਿਰ ਵੀ ਬੰਦੇ ਨੂੰ ਸਦਮਾ ਤਾਂ ਪੁੱਜਦਾ ਹੀ ਹੈ। ਕਸ਼ਮਕਸ਼ ਅਤੇ ਹਿੰਸਾ ਵੀ ਮਨੁੱਖੀ ਜੀਵਨ ਦੇ ਤਾਣੇ-ਬਾਣੇ ਦਾ ਭਾਗ ਹਨ। ਇਵੇਂ ਅਪੂਰਨਤਾ, ਅਸਫ਼ਲਤਾ ਅਤੇ ਗ਼ਲਤੀ ਬਾਰੇ ਸਮਝ ਪੈਂਦੀ ਹੈ।

ਸਟੇਟ ਬਨਾਮ ਵਿਅਕਤੀ (State vs Man)

ਸਟੇਟ ਕਦੇ ਵੀ ਨਿੱਜੀ ਅਸਤਿਤਵ ਨੂੰ ਅਰਥ ਅਤੇ ਕੀਮਤ ਨਹੀਂ ਦੇ ਸਕਦੀ। ਉਤੇਜਨਾ, ਖੇਤਰ ਅਤੇ ਅਵਸਰ ਪ੍ਰਦਾਨ ਕਰ ਸਕਦੀ ਹੈ। ਵਿਅਕਤੀ ਨੂੰ ਕੁੱਝ ਬਣਨ ਲਈ ਰਾਜ ਦੀ ਲੋੜ ਪੈਂਦੀ ਹੈ, ਇਵੇਂ ਰਾਜ ਆਪਣੀ ਪ੍ਰਮਾਣਿਕਤਾ ਬੰਦੇ (Being oneself) ਤੋਂ ਪ੍ਰਾਪਤ ਕਰਦਾ ਹੈ। ਇਨ੍ਹਾਂ ਸੰਬੰਧਾਂ ਵਿੱਚ ਤਣਾਉ ਅਤੇ ਸ਼ਕਤੀ ਦੋਵੇਂ ਕਾਰਜਸ਼ੀਲ ਰਹਿੰਦੇ ਹਨ। ਸਟੇਟ ਬੰਦੇ ਨੂੰ ਇਤਿਹਾਸਕਤਾ ਵੱਲ ਖਿੱਚਦੀ ਹੈ। ਅਜਿਹੀ ਦੁਨੀਆਂ ਵੱਲ ਜੋ ਸਵੀਕਾਰੀ ਜਾਂ ਇਨਕਾਰੀ ਜਾਂਦੀ ਹੈ। ਬੰਦਾ ਕਟਾਖ, ਮਜ਼ਾਕ ਅਤੇ ਨਿਮਰਤਾ ਨਾਲ ਹੀ ਰਹਿ ਸਕਦਾ ਹੈ।

ਦੂਜਿਆਂ ਨਾਲ ਸੰਬੰਧ (Relation with others)

ਮੇਰੇ ਅਸਤਿਤਵ ਦੀ ਵਿਲੱਖਣਤਾ ਨੂੰ 'ਦੂਜਿਆਂ' ਦੇ ਅਸਤਿਤਵ ਦੀ ਵਿੱਲਖਣਤਾ ਦੀ ਲੋੜ ਹੈ। ਦੂਜਿਆਂ ਨਾਲ ਤਾਲਮੇਲ ਤੋਂ ਬਿਨਾਂ ਅਸਤਿਤਵ ਕੁੱਝ ਵੀ ਨਹੀਂ। ਜੈਸਪਰਸ ਇਸਨੂੰ ਪਿਆਰ-ਸੰਘਰਸ਼ (Loving-Struggle) ਕਹਿੰਦਾ ਹੈ।

ਅਸਤਿਤਵ ਦੇ ਖੇਤਰ (Realms of Existence)

ਕਾਰਲ ਜੈਸਪਰਸ ਅਨੁਸਾਰ ਅਸਤਿਤਵ ਦੇ ਤਿੰਨ ਖੇਤਰ ਹਨ:

(ਉ) Being There: ਨਿਰੀਖਣ ਅਤੇ ਅਨੁਭਵ ਦੁਆਰਾ ਵਸਤੂਪਰਕ ਸੰਸਾਰ ਦਾ ਗਿਆਨ।

(ਅ) Being Oneself: ਬੰਦੇ ਦੀ ਨਿਜੀ ਹੋਂਦ ਜੋ ਆਪਣੀ ਸੁਤੰਤਰਤਾ ਬਾਰੇ

ਜਾਗਰੂਕ ਹੈ; ਇਤਿਹਾਸਕਤਾ/ਪ੍ਰਮਾਣਿਕਤਾ ਨੂੰ ਗ੍ਰਹਿਣ ਕਰਦਾ ਹੈ ਅਤੇ ਆਪਣੇ ਫ਼ੈਸਲੇ ਅਤੇ ਚੋਣ ਦੀ ਪੁਸ਼ਟੀ ਕਰਦਾ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 64