ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੰਨਦਾ ਹੈ। ਵਿਵਹਾਰ ਦਾ ਪ੍ਰਗਟਾਵਾ ਕੇਵਲ ਮਨੁੱਖ ਹੀ ਕਰਦੇ ਹਨ। ਪ੍ਰਤੱਖਣ ਦੇ ਸੰਕਲਪ ਅਨੁਸਾਰ ਉਹ ਚੇਤਨਾ ਅਤੇ ਸੰਸਾਰ ਦੇ ਸੰਬੰਧਾਂ ਬਾਰੇ ਜਾਣਨ ਦਾ ਇਛੁੱਕ ਹੈ। ਉਹ ਪਾਰਗਮਤਾ ਦੇ ਸੰਕਲਪ ਬਾਰੇ ਵੀ ਚਿੰਤਨ ਕਰਦਾ ਹੈ।

ਘਟਨਾ ਕਿਰਿਆ ਵਿਗਿਆਨ (Phenomenology)

ਮਰਲੀ-ਪੋਂਟੀ ਅਨੁਸਾਰ ਹੁਸਰਲ ਦੀ ਬਰੈਕਟਿੰਗ ਅਤੇ ਹਾਈਡਿਗਰ ਦੀ 'ਇਨਕਲੁਡਿੰਗ’ ਦੋਵਾਂ ਦਾ ਸੰਯੋਗ ਹੋਣਾ ਚਾਹੀਦਾ ਹੈ। ਉਸਦਾ ਮੱਤ ਇਹ ਵੀ ਹੈ ਕਿ ਹਰ ਇੱਕ ਦਾਰਸ਼ਨਿਕ ਨੂੰ ਆਪਣੀ ਘਟਨਾ ਕਿਰਿਆ ਵਿਗਿਆਨ ਆਪ ਢੂੰਡਣੀ ਚਾਹੀਦੀ ਹੈ।

ਪ੍ਰਤੱਖਣ ਗਿਆਨ ਤੋਂ ਪਹਿਲਾਂ ਹੈ (Perception precedes Knowledge)

ਮਰਲੀ-ਪੋਂਟੀ ਦਾ ਮੱਤ ਹੈ ਕਿ ਪ੍ਰਤੱਖਣ ਗਿਆਨ ਤੋਂ ਪਹਿਲਾਂ ਹੁੰਦਾ ਹੈ। ਇੱਕ ਬੱਚੇ ਨੂੰ ਪ੍ਰਤੱਖਣ ਤਾਂ ਹੁੰਦਾ ਹੈ ਪਰ ਗਿਆਨ ਨਹੀਂ ਹੁੰਦਾ। ਇਵੇਂ ਆਦਿ ਮਨੁੱਖ ਨੂੰ ਪ੍ਰਤੱਖਣ ਤਾਂ ਸੀ ਪਰ ਗਿਆਨ ਨਹੀਂ ਸੀ। ਸਾਡਾ ਸੰਸਾਰ ਵਿੱਚ ਹੋਣਾ ਸਾਨੂੰ 'ਅਰਥਾਂ’ ਵਿੱਚ ਸੁੱਟਿਆ ਜਾਣਾ ਹੈ। ਸਾਡਾ ਜ਼ਿਆਦਾ ਪ੍ਰਤੱਖਣ ਦਿਲਚਸਪ, ਪ੍ਰਤਿਕੂਲ, ਭਿਆਨਕ ਜਾਂ ਮਨਮੋਹਕ ਹੁੰਦਾ ਹੈ।

ਮਨੋਭ੍ਰਾਂਤੀ (Hallucination)

ਮਰਲੀ-ਪੋਂਟੀ ਦਾ ਵਿਚਾਰ ਹੈ ਕਿ ਰੋਗੀ ਆਪਣੇ ਵਹਿਮ ਵਾਲ਼ੇ ਅਨੁਭਵ ਅਤੇ ਅਸਲੀ ਅਨੁਭਵ ਵਿਚਕਾਰ ਅੰਤਰ ਨੂੰ ਪਛਾਣਦਾ ਹੁੰਦਾ ਹੈ। ਵਹਿਮ ਦੇ ਰੋਗੀ ਦੀ ਵਸਤੂਪਰਕ ਸੰਸਾਰ ਵਿੱਚ ਬਹੁਤੀ ਦਿਲਚਸਪੀ ਨਹੀਂ ਹੁੰਦੀ। ਜੋ ਗੁਣ ਤੰਦਰੁਸਤ ਬੰਦਾ ਯਥਾਰਥ ਵਿੱਚ ਵੇਖਦਾ ਹੈ, ਰੋਗੀ ਉਸੇ ਗੁਣ ਨੂੰ ਮਿੱਥ ਵਿੱਚ ਮਹਿਸੂਸਦਾ ਹੈ। ਰੋਗੀ ਦੀ ਚੇਤਨਾ ਸ਼ੁੱਧ ਨਹੀਂ ਹੁੰਦੀ।

ਸਪੇਸ ਦਾ ਸੰਕਲਪ (Concept of Space)

ਸਰੀਰ ਸਪੇਸ ਦੀ ਵਸਤੂ ਹੈ। ਇਸ ਦਾ ਸਪੇਸ ਵਿੱਚ ਵਿਸ਼ੇਸ਼ ਸਥਾਨ ਹੈ। ਸਾਰਾ ਪ੍ਰਤੱਖਣ ਅਤੇ ਸਾਰੀ ਚੇਤਨਾ ਸਪੇਸ ਦੀ ਦ੍ਰਿਸ਼ਟੀ ਨਾਲ ਕੀਤੀ ਜਾਂਦੀ ਹੈ। ਇਹ ਭੂਤ ਅਤੇ ਭਵਿੱਖ ਨਾਲ ਵੀ ਸੰਬੰਧਤ ਹੁੰਦੀ ਹੈ। ਸਰੀਰ ਦੀ ਸਮੇਂ ਵਿੱਚ ਨਿਰੰਤਰਤਾ ਤੋਂ ਬਿਨਾਂ ਬੰਦਾ ਪ੍ਰਤੱਖ ਸੰਸਾਰ ਬਾਰੇ ਕੋਈ ਗਿਆਨ ਪ੍ਰਾਪਤ ਨਹੀਂ ਕਰ ਸਕਦਾ। ਸਰੀਰ ਤੋਂ ਬਿਨਾਂ ਕੋਈ ‘ਕੋਜੀਟੋ’ ਵੀ ਨਹੀਂ ਹੁੰਦੀ।

ਦੁਜਿਆਂ ਨਾਲ ਸੰਬੰਧ (Relation with Others)

ਸੰਸਾਰ ਵਿੱਚ ਰਹਿੰਦਿਆਂ ਬੰਦਾ ਦੂਜੇ ਲੋਕਾਂ ਨਾਲ ਆਪਣੇ ਸੰਬੰਧਾਂ ਨੂੰ ਸਮਝਣ 'ਤੇ ਜ਼ੋਰ ਦਿੰਦਾ ਹੈ। ਦਰਸ਼ਨ ਦਾ ਆਧਾਰ ਸਮਾਜਿਕਤਾ ਹੀ ਹੋਣਾ ਚਾਹੀਦਾ ਹੈ। ਕੋਜੀਟੋ ਦੀ ਸਮਝ ਲਈ ਮਰਲੀ-ਪੋਂਟੀ ਚਕਰਨੁਮਾ ਚੇਤਨਾ ਵਿੱਚ ਭਾਗ ਲੈਂਦਾ ਹੈ। ਇਸੇ ਨੂੰ ਸਾਰਤਰ ਪੂਰਵ ਪ੍ਰਤਿਬਿੰਬਤ ਚੇਤਨਾ ਕਹਿੰਦਾ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 75