ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁੰਦੀ ਹੈ। ਇਹ ਦਸ਼ਾ ਆਪਣੀ ਹੋਂਦ ਲਈ ਕਿਸੇ 'ਤੇ ਨਿਰਭਰ ਨਹੀਂ ਹੁੰਦੀ। ਇਹ ਆਪੇ ਦਾ ਖ਼ੁਦ ਕੀਤਾ ਅਨੁਭਵ ਹੈ ਜੋ ਅਸੀਂ ਆਪਣੇ ਸਿਰਾਂ ਵਿੱਚ ਰੱਖਦੇ ਹਾਂ, ਜਿਸਨੂੰ ਅਸੀਂ ਚੇਤਨਾ ਜਾਂ ਸਵੈ-ਚੇਤਨਾ ਦਾ ਨਾਂ ਦਿੰਦੇ ਹਾਂ। ਇਹ ਇੱਕ ਅਜਿਹਾ ਵਾਕੰਸ਼ ਹੈ ਜਿਸਦੀ ਵਰਤੋਂ ਦਾਰਸ਼ਨਿਕ ਅਕਸਰ ਕਰਦੇ ਹਨ ਤਾਂ ਕਿ ਉਹ ਧਾਰਮਿਕ ਸ਼ਬਦ 'ਆਤਮਾ' ਦਾ ਪ੍ਰਯੋਗ ਕਰਨ ਤੋਂ ਬਚ ਸਕਣ।

ਬੀਇੰਗ-ਫਾਰ-ਇਟਸੈਲਫ਼ (Being-For-Itself)

ਇਸ ਟਰਮ ਲਈ ਸਾਰਤਰ ਨੇ Pour Soi ਸ਼ਬਦ ਦਾ ਪ੍ਰਯੋਗ ਵੀ ਕੀਤਾ ਹੈ। ਇਹ ਟਰਮ ਮਨੁੱਖੀ ਹੋਂਦ ਲਈ ਵਰਤੀ ਗਈ ਹੈ ਜਿਸ ਵਿੱਚ ਮਨੁੱਖ ਅੰਦਰ ਕੁੱਝ ਬਣਨ ਦੀ ਸੰਭਾਵਨਾ ਹੁੰਦੀ ਹੈ। ਇਹ ਮਨੁੱਖੀ ਚੇਤਨਾ ਦੀ ਸੰਭਾਵਨਾ ਭਰਪੂਰ ਅਵਸਥਾ ਹੁੰਦੀ ਹੈ। ਇਸ ਅਨੁਸਾਰ ਬੰਦੇ ਵਿੱਚ ਤਬਦੀਲੀ ਦੀ ਸੰਭਾਵਨਾ ਹੁੰਦੀ ਹੈ। ਇਹ ਪੂਰੀ ਮਨੁੱਖੀ ਹੋਂਦ ਲਈ ਯੋਗ ਹੋਣ ਵਾਲੀ ਟਰਮ ਹੈ। ਇਹ ਚੇਤਨਾ ਦਾ ਅਜਿਹਾ ਰੂਪ ਹੈ ਜੋ ਭੂਤ ਅਤੇ ਵਰਤਮਾਨ ਲਈ ਖੁੱਲ੍ਹਾ ਹੈ ਅਤੇ ਆਪਣੇ ਸਵੈ ਨੂੰ ਸੰਭਾਵਨਾ ਵਜੋਂ ਵੇਖਦਾ ਹੈ। ਇਹ Being-In-Itself ਦਾ ਨਿਖੇਧ ਹੈ। ਇਹ ਤਾਂ ਅਜਿਹੀ ਚੇਤਨਾ ਹੈ ਜੋ Being ਦੀ ਘਾਟ ਮਹਿਸੂਸ ਕਰਕੇ ਆਪਣੀ ਹੋਂਦ ਕਾਇਮ ਕਰਨ ਦੀ ਇਛੁੱਕ ਹੁੰਦੀ ਹੈ। ਇਹ ਚੇਤਨਾ ਦੀ ਹੋਂਦ ਹੈ। 'It is what it is not' ਹੇਠ ਦਿੱਤੀ ਸ਼ਕਲ ਇਸ ਨੁਕਤੇ ਨੂੰ ਸਮਝਣ ਵਿੱਚ ਸਹਾਈ ਹੋ ਸਕਦੀ ਹੈ।

ਇਸ ਸ਼ਕਲ ਵਿੱਚ ਖੁਲ੍ਹੇ ਮੂੰਹ ਵਾਲੀ c ਚੇਤਨ-ਮੁਖੀ ਤਜਰਬੇ ਦੀ ਪ੍ਰਤਿਨਿਧਤਾ ਕਰਦੀ ਹੈ ਜਿਸਨੂੰ ਸਾਰਤਰ Being-for-itself ਕਹਿੰਦਾ ਹੈ। ਬੰਦ ਵਰਗ (Closed Square) ਮਨੁੱਖ ਦੀ ਦਖ਼ਲ-ਅੰਦਾਜ਼ੀ ਤੋਂ ਪਹਿਲਾਂ ਦੀ ਦਸ਼ਾ ਹੈ। ਸਾਰਤਰ ਅਨੁਸਾਰ ਇਹੋ Being-in-itself ਹੈ।

ਬੀਇੰਗ-ਫਾਰ-ਅਦਰਜ਼ (Being-For-Others)

ਜਦੋਂ ਕੋਈ ਵਿਅਕਤੀ ਇਹ ਵੇਖਦਾ ਹੈ ਕਿ ਦੂਜੇ ਦੀ ਨੀਝ ਭਰੀ ਤੱਕਣੀ ਨੇ ਉਸਨੂੰ ਆਪਣੀ ਵਸਤੂ ਬਣਾ ਲਿਆ ਹੈ ਅਤੇ ਬੰਦੇ ਦੀ ਆਪਣੀ ਹੋਂਦ ਬਗਾਨੇ ਹੱਥ ਵਿੱਚ ਹੋ ਜਾਂਦੀ ਹੈ। ਮਨੁੱਖ ਅਨੇਕਾਂ ਸਮਿਆਂ ਤੇ ਦੂਜੇ ਦੀ ਤੱਕਣੀ ਦਾ ਸ਼ਿਕਾਰ ਹੋ ਜਾਂਦਾ ਹੈ। (Myself exists outside as an object for others)

ਗਤੀਹੀਣਤਾ (Being-in-the-midst)

ਇਹ ਖੋਟੇ ਨਿਸ਼ਚੇ (Bad Faith) ਦੀ ਅਜਿਹੀ ਦਸ਼ਾ ਹੈ ਜਿਸ ਵਿੱਚ ਵਿਅਕਤੀ ਆਪਣੀ ਹੋਂਦ ਗਤੀਹੀਣ ਵਸਤੂ ਵਜੋਂ ਮਹਿਸੂਸ ਕਰਦਾ ਹੈ। ਸੌਖੇ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 78