ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਾਹਸ਼ (Desire)

ਦੂਜੇ ਬੰਦੇ ਦੀ ਆਤਮਪਰਕਤਾ 'ਤੇ ਕਾਬਜ਼ ਹੋਣ ਦੀ ਵਿਧੀ ਕਾਮੁਕ ਇੱਛਾ ਹੁੰਦੀ ਹੈ। ਇੱਛਾ ਦੀ ਇੱਛਾ ਹੁੰਦੀ ਹੈ ਕਿ ਦੂਜੇ ਦੀ ਇੱਛਾ ਨੂੰ ਆਮੰਤ੍ਰਤ ਕੀਤਾ ਜਾਵੇ। ਅਜਿਹੀ ਹਾਲਤ ਵਿੱਚ ਦੂਜੇ ਨੂੰ ਕੇਵਲ ਮਾਸ ਸਮਝ ਲਿਆ ਜਾਂਦਾ ਹੈ। ਅਰਥਾਤ ਵਸਤੂ ਮੰਨ ਲਿਆ ਜਾਂਦਾ ਹੈ। ਸਾਰਤਰ ਅਨੁਸਾਰ Desire desires the desire of the other.

ਸਥਿਤੀ (Situation)

ਸਾਰਤਰ ਦਾ ਕਹਿਣਾ ਹੈ ਕਿ ਜਦੋਂ ਅਸੀਂ ਸਥਿਤੀ ਬਾਰੇ ਵਿਚਾਰ ਕਰਦੇ ਹਾਂ ਤਾਂ ਅਸੀਂ ਸਥਿਤੀ ਵਿੱਚ ਵਿਚਰ ਰਹੇ ਬੰਦੇ ਵੱਲੋਂ ਲਏ ਗਏ ਪੈਂਤੜੇ ਦੀ ਗੱਲ ਕਰਦੇ ਹਾਂ। ਬਾਹਰੋਂ ਕਿਸੇ ਸਥਿਤੀ ਬਾਰੇ ਸੋਚਣਾ ਅਸੰਭਵ ਹੈ। ਸੱਚ ਤਾਂ ਇਹ ਹੈ ਕਿ ਸਥਿਤੀ ਵਸਤਾਂ ਦਰਮਿਆਨ ਘਿਰੀ ‘ਮੈਂ' ਹੀ ਹੁੰਦੀ ਹੈ, ਇਹ ਫੈਕਟੀਸਿਟੀ ਤੋਂ ਪੈਦਾ ਹੁੰਦੀ ਹੈ।

ਅਸਤਿਤਵਵਾਦ ਮਾਨਵਵਾਦ ਹੈ (Existentialism is Humanism)

1946 ਈ: ਵਿੱਚ ਸਾਰਤਰ ਨੇ ਇਕ ਨਿਬੰਧ ਲਿਖਿਆ ਜਿਸਦਾ ਸਿਰਲੇਖ ਹੈ- ਅਸਤਿਤਵਵਾਦ ਮਾਨਵਵਾਦ ਹੈ। ਚੋਣ ਸੰਬੰਧੀ ਲਿਖਦਿਆਂ ਉਸ ਨੇ ਨੈਤਿਕਤਾ ਸੰਬੰਧੀ ਗੱਲ ਕੀਤੀ। ਉਸਦਾ ਸੰਖੇਪ ਭਾਵ ਇਹ ਹੈ ਕਿ ਕੋਈ ਬੰਦਾ ਆਪਣੇ ਲਈ ਮਾੜੀ ਚੋਣ ਕਰ ਹੀ ਨਹੀਂ ਸਕਦਾ। ਇੰਜ ਉਸਦੀ ਚੋਣ ਅਜਿਹੀ ਹੋਵੇਗੀ ਜੋ ਸਰਬੱਤ ਦੇ ਭਲੇ ਲਈ ਹੋਵੇਗੀ। ਪਹਿਲੀ ਗੱਲ ਤਾਂ ਇਹ ਹੈ ਕਿ ਜੋ ਕੁੱਝ ਬੰਦਾ ਚੁਣਦਾ ਹੈ ਉਹ ਬਹੁਤ ਸਾਰੇ ਬਦਲਾਵਾਂ ਵਿੱਚੋਂ ਵਧੀਆ ਚੁਣਦਾ ਹੈ। ਸਾਰਤਰ ਦਾ ਕਹਿਣਾ ਹੈ ਕਿ ਸਵੈ ਦੀ ਚੋਣ ਵਿੱਚ ਮੈਂ ਬੰਦੇ ਦੀ ਚੋਣ ਕਰਦਾ ਹਾਂ। ਇਸਦਾ ਭਾਵ ਹੈ - 'In Choosing myself, I choose man' ਨਤੀਜੇ ਵਜੋਂ ਉਸਦਾ ਕਹਿਣਾ ਹੈ ਕਿ ਜੋ ਕੁੱਝ ਮੈਂ ਆਪਣੇ ਲਈ ਚੰਗਾ ਮੰਨ ਰਿਹਾ ਹਾਂ, 'ਮੈਂ' ਤਰਕਪੂਰਨ ਢੰਗ ਨਾਲ ਦਾਅਵਾ ਕਰਦਾ ਹਾਂ ਕਿ ਇਹ ਸਭ ਲਈ ਚੰਗਾ ਹੈ। ਸਾਰਤਰ ਦਾ ਸੰਦੇਸ਼ ਹੈ ਕਿ ਸਾਡੀ ਜ਼ਿੰਮੇਵਾਰੀ ਜਿਤਨੀ ਅਸੀਂ ਮਿਥਦੇ ਹਾਂ, ਉਸ ਨਾਲੋਂ ਕਿਤੇ ਅਧਿਕ ਹੈ ਕਿਉਂਕਿ ਇਸ ਵਿੱਚ ਸਾਰੀ ਮਨੁੱਖਤਾ ਸ਼ਾਮਲ ਹੈ। ਸਾਰਤਰ ਦੀ ਨੈਤਿਕਤਾ (Ethics) ਇਮੈਨੁਅਲ ਕਾਂਤ ਤੋਂ ਪ੍ਰਭਾਵਿਤ ਹੈ। ਕਾਂਤ ਕਹਿੰਦਾ ਹੈ ਕਿ ਇਉਂ ਅਮਲ ਕਰੋ ਕਿ ਤੁਹਾਡੇ ਕਾਰਜ ਦਾ ਸਿਧਾਂਤ ਸਰਵ ਵਿਆਪਕ ਨਿਯਮ ਵਜੋਂ ਪਰਵਾਨ ਹੋ ਸਕੇ। ਕਾਂਤ ਦੇ ਸਿਧਾਂਤ ਅਨੁਸਾਰ ਸਾਰਤਰ ਕਹਿੰਦਾ ਹੈ ਕਿ ਆਪਣੀ ਸੁਤੰਤਰਤਾ ਦੀ ਇੱਛਾ ਕਰਦਿਆਂ ਬੰਦੇ ਨੂੰ ਸਾਰੀ ਮਨੁੱਖਤਾ ਦੀ ਆਜ਼ਾਦੀ ਦੀ ਇੱਛਾ ਕਰਨੀ ਚਾਹੀਦੀ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 87