ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਅਧਿਆਇ ਤੀਜਾ

ਅਸਤਿਤਵਵਾਦੀ ਅਧਿਐਨ ਦਾ ਆਧਾਰ ਤੇ ਮਾਡਲ

ਅਸਤਿਤਵਵਾਦੀ ਦਰਸ਼ਨ ਅਨੁਸਾਰ ਬੰਦਾ ਜੀਵ-ਵਿਗਿਆਨਕ ਜਣਨ ਪ੍ਰਕਿਰਿਆ ਅਨੁਸਾਰ ਇਸ ਧਰਤੀ 'ਤੇ ਜਨਮ ਲੈਂਦਾ ਹੈ। ਪਹਿਲਾਂ ਉਹ ਕੇਵਲ ‘ਹੈ' ਹੈ। ਉਸਨੇ ਜਿਸ ਸੰਸਾਰ ਵਿੱਚ ਜਨਮ ਲਿਆ ਹੈ, ਉਸ ਨੂੰ ਉਸ ਸੰਸਾਰ ਵਿੱਚ ਇੱਕ ਬਣਿਆ ਬਣਾਇਆ ਚੁਗਿਰਦਾ ਮਿਲਦਾ ਹੈ। ਉਸਨੂੰ ਇਕ ਵਿਸ਼ੇਸ਼ ਸ਼ਕਲ ਵਾਲੇ ਸਰੀਰ ਵਿੱਚ ਸੁੱਟਿਆ ਗਿਆ ਹੈ। ਸੰਸਾਰ ਦੇ ਇੱਕ ਵਿਸ਼ੇਸ਼ ਖਿੱਤੇ ਜਾਂ ਮੁਲਕ ਵਿੱਚ ਘੱਲਿਆ ਗਿਆ ਹੈ। ਕਿਸੇ ਵਿਸ਼ੇਸ਼ ਇਤਿਹਾਸਕ ਜੁਗ ਵਿੱਚ ਜਨਮ ਦਿੱਤਾ ਗਿਆ ਹੈ। ਇੱਕ ਵਿਸ਼ੇਸ਼ ਭੂਮੀ ਮੈਦਾਨੀ/ਪਹਾੜੀ/ਸਮੁੰਦਰੀਕਟ/ਮਾਰੂਥਲ/ਬਰਫ਼ੀਲੇ ਇਲਾਕੇ ਵਿੱਚ ਪੈਦਾ ਹੋਣ ਦਾ ਅਵਸਰ ਮਿਲਿਆ ਹੈ। ਉਸਦਾ ਜਨਮ ਅਮੀਰ/ਗ਼ਰੀਬ ਪਰਿਵਾਰ ਵਿੱਚ ਹੋਇਆ। ਉਹ ਲੜਕਾ ਹੈ ਜਾਂ ਲੜਕੀ ਹੈ। ਉਸਦਾ ਰੰਗ ਗੋਰਾ ਹੈ, ਕਣਕ-ਵੰਨਾ ਹੈ, ਜਾਂ ਕਾਲਾ ਹੈ। ਕਹਿਣ ਦਾ ਭਾਵ ਹੈ ਕਿ ਹਰ ਬੰਦੇ ਨੂੰ ਜਨਮ ਸਮੇਂ ਇੱਕ ਅਜਿਹਾ ਸੰਸਾਰ ਮਿਲਦਾ ਹੈ ਜੋ ਉਸਦੀ ਆਪਣੀ 'ਚੋਣ' ਨਹੀਂ ਹੁੰਦੀ। ਜੀਵਨ ਦੀ ਤਾਸ਼ ਦੇ ਜਿਹੜੇ ਪੱਤੇ ਉਸਦੀ ਵੰਡ ਵਿੱਚ ਆਉਂਦੇ ਹਨ, ਇਸ ਵਿੱਚ ਉਸਦੀ ਮਰਜ਼ੀ ਨਹੀਂ ਹੁੰਦੀ ਪਰ ਜੀਵਨ ਦੀ ਸਮੁੱਚੀ ਖੇਡ ਖੇਡਣੀ ਉਸਨੇ ਇਨ੍ਹਾਂ ਪੱਤਿਆਂ ਨਾਲ ਹੀ ਹੁੰਦੀ ਹੈ। ਉਸਦੇ ਦਿਸਹੱਦੇ ਸਮਾਂ-ਬੱਧ ਹੁੰਦੇ ਹਨ। ਆਪਣੇ ਜੀਵਨ ਦੀ ਦੌੜ ਲਈ ਉਹ ਜਿਸ ਰੇਖਾ 'ਤੇ ਖੜ੍ਹਾ ਹੈ, ਉਹ ਉਸ ਲਈ ਪਹਿਲਾਂ ਹੀ ਖਿੱਚੀ ਹੋਈ ਹੈ। ਸਾਰਤਰ ਦੇ ਸ਼ਬਦਾਂ ਵਿੱਚ ‘ਬੰਦਾ ਪਹਿਲਾਂ ਹੋਂਦ ਵਿੱਚ ਆਉਂਦਾ ਹੈ, ਆਪਣੇ ਆਪ ਨਾਲ ਜੂਝਦਾ ਹੈ, ਸੰਸਾਰ ਦੀ ਆਪਾ-ਧਾਪੀ ਵਿੱਚ ਅੱਗੇ ਵਧਦਾ ਹੈ ਅਤੇ ਫਿਰ ਆਪਣੇ ਆਪ ਨੂੰ ਪਰਿਭਾਸ਼ਤ ਕਰਦਾ ਹੈ।'

ਬੰਦੇ ਦੇ ਕੁਦਰਤੀ ਗੁਣ-ਭਾਰ, ਉਚਾਈ, ਰੰਗ; ਸਮਾਜਿਕ ਗੁਣ-ਜਾਤ, ਗੋਤ, ਧਰਮ, ਕੌਮੀਅਤ; ਮਨੋਵਿਗਿਆਨਕ ਗੁਣ-ਵਿਸ਼ਵਾਸ, ਇੱਛਾਵਾਂ ਇਤਿਹਾਸਕ ਗੁਣ-ਪਰਿਵਾਰਕ ਪਿਛੋਕੜ ਆਦਿ ਸਭ ਉਸਦੀ ਜੀਵਨ-ਦੌੜ ਲਈ ਪਹਿਲੋਂ ਹੀ ਹਾਜ਼ਰ ਹਨ। ਇਹ ਉਸਦੀ ਤਥਾਤਮਕਤਾ ਅਰਥਾਤ ਫੈਕਟਸਿਟੀ ਹੈ ਜਿਸ ਨੂੰ ਉਹ ਬਦਲ ਨਹੀਂ ਸਕਦਾ।

ਪਰ ਹਰ ਬੰਦੇ ਅੱਗੇ ਅਨੇਕ ਸੰਭਾਵਨਾਵਾਂ (Possibilities) ਹੁੰਦੀਆਂ ਹਨ। ਇਨ੍ਹਾਂ ਸੰਭਾਵਨਾਵਾਂ ਵਿੱਚੋਂ ਉਸਨੇ ਆਪਣੀ ਚੋਣ (Choice) ਕਰਨੀ ਹੁੰਦੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 88