ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਰਟਿਨ ਹਾਈਡਿਗਰ ਦੀ ਘਟਨਾ-ਕਿਰਿਆ-ਵਿਗਿਆਨ ਚੇਤਨਾ ਨਾਲੋਂ ਵੱਧ ਕਾਰਜਾਂ ਤੇ ਜ਼ੋਰ ਦਿੰਦੀ ਹੈ। ਹਾਈਡਿਗਰ ਤਾਂ 'Laying the stress upon acts rather than upon Consciousness he (Heidegger) arrives at an ethics of choosing and willing and reaching towards the future' ਦਾ ਸਿਧਾਂਤ ਪੇਸ਼ ਕਰਦਾ ਹੈ। ਹੁਸਰਲ ਦੀ ਫੇਨੋਮਾਨੋਲੋਜੀ ਪਾਤਰਾਂ ਦੀ ਸੰਸਾਰਕ ਸਮਝ ਲਈ ਲਾਹੇਵੰਦ ਹੈ, ਜਦੋਂ ਕਿ ਅਸਤਿਤਵਵਾਦ ਸਾਹਿਤਕ ਸੰਸਾਰ ਵਿੱਚ ਪਾਤਰ ਕਿਵੇਂ ਜੀਵਨ ਜਿਉਂਦੇ ਹਨ, ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ।

ਅਸਤਿਤਵਵਾਦੀ ਆਲੋਚਨਾ ਉਸ ਨੁਕਤੇ (Cogito) ਨੂੰ ਗਿਆਨ ਦੀ ਪੱਧਰ ਤੇ ਲਿਆਉਣ ਦਾ ਇੱਕ ਯਤਨ ਹੈ ਜੋ ਲੇਖਕ ਦੇ ਲਿਖਣ-ਕਾਰਜ ਨੂੰ ਸ਼ਰਤਬੱਧ ਕਰਦਾ ਹੈ ਕਿਉਂ ਜੋ ਕਿਸੇ ਇੱਕ ਲੇਖਕ ਦਾ ਸਾਰਾ ਯੋਗਦਾਨ ਇੱਕ ਅਜਿਹੇ ਅਸਤਿਤਵੀ ਕੇਂਦਰ ਤੋਂ ਫ਼ੈਲਦਾ ਹੈ ਜਿਸ ਵਿੱਚੋਂ ਹਜ਼ਾਰਾਂ ਹੀ ਮਾਰਗ ਪ੍ਰਕਾਸ਼ਮਾਨ ਹੁੰਦੇ ਹਨ। ਲੇਖਕ ਦੀ ਜੀਵਨੀ ਵੀ ਸਾਹਿਤਕ ਕਿਰਤ ਨੂੰ ਸਪਸ਼ਟ ਕਰਦੀ ਹੈ ਅਤੇ ਰਚਨਾ ਵੀ ਲੇਖਕ ਦੇ ਜੀਵਨ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ। ਆਲੋਚਕ ਵੱਲੋਂ ਲੇਖਕ ਦੀ ਕੋਜੀਟੋ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਘਟਨਾ-ਕਿਰਿਆ-ਵਿਗਿਆਨ ਅਨੁਸਾਰ ਚੇਤਨਾ ਦਾ ਕਾਰਜ ਅੰਦਰੋਂ ਸ਼ੁਰੂ ਹੁੰਦਾ ਹੈ। ਪ੍ਰਸਿੱਧ ਵਿਦਵਾਨ Poulet ਅਨੁਸਾਰ ਆਲੋਚਨਾ ਦੇ ਕਾਰਜ ਵਿੱਚ ਆਲੋਚਕ ਦੀ ਚੇਤਨਾ ਸਾਹਿਤਕਾਰ ਦੀ ਚੇਤਨਾ ਅੱਗੇ ਆਪਾ ਸਮਰਪਣ (Self-Surrender) ਕਰਦੀ ਹੈ। Poulet ਦੇ ਹੀ ਸ਼ਬਦਾਂ ਵਿੱਚ, "I am on loan to another, and this other thinks, feels, suffers and acts with in me."2 ਇਸ ਦ੍ਰਿਸ਼ਟੀ ਤੋਂ ਵਾਚਿਆਂ ਅਸਤਿਤਵਵਾਦੀ ਆਲੋਚਨਾ ਅਜਿਹਾ ਬੌਧਿਕ ਕਾਰਜ ਬਣਨ ਦੀ ਸੰਭਾਵਨਾ ਰੱਖਦੀ ਹੈ ਜਿਸ ਵਿੱਚ ਆਲੋਚਕ ਇੱਕ ਸਿਰਜਕ ਕਲਾਕਾਰ ਹੋ ਨਿਬੜਦਾ ਹੈ। ਇਸ ਆਲੋਚਨਾ ਦਾ ਮਹੱਤਵ ਇਸ ਗੱਲ ਵਿੱਚ ਨਿਹਿਤ ਹੈ ਕਿ ਹਰ ਇੱਕ ਸਾਹਿਤਕ ਕਿਰਤ ਮਨੁੱਖੀ ਅਸਤਿਤਵ ਨੂੰ ਪਕੜਨ ਅਥਵਾ ਹਿਣ ਕਰਨ ਵੱਲ ਰੁਚਿਤ ਰਹਿੰਦੀ ਹੈ। ਪਰ ਸਾਹਿਤਕ ਕਿਰਤਾਂ ਵਿੱਚੋਂ (ਫ਼ਰਜ਼ ਕਰੋ ਨਾਵਲਾਂ ਵਿੱਚੋਂ) ਮਨੁੱਖੀ ਅਸਤਿਤਵ ਇਤਿਹਾਸ ਵਾਂਗ ਢੰਡਣਾ ਇੱਕ ਵਿਅਰਥ ਕਾਰਜ ਹੁੰਦਾ ਹੈ। ਇਵੇਂ ਵਰਤਮਾਨ ਵਾਂਗ ਹੀ ਭੂਤਕਾਲ ਵਿੱਚ ਲਿਖੀਆਂ ਗਈਆਂ ਕਿਰਤਾਂ ਨਾਲ ਵੀ ਸੰਵਾਦ ਸੰਭਵ ਹੈ ਕਿਉਂਕਿ ਭੂਤਕਾਲ ਸਾਡੇ ਲਈ ਬਹੁਤਾ ਓਪਰਾ ਨਹੀਂ ਹੁੰਦਾ।

ਅਸਤਿਤਵਵਾਦੀ ਆਲੋਚਨਾ ਦੇ ਘੇਰੇ ਵਿੱਚ ਮਨੁੱਖੀ ਅਸਤਿਤਵ ਨਾਲ ਸੰਬੰਧਤ ਵਿਸ਼ੇ ਜਿਵੇਂ ਕਿ ਤਥਾਤਮਕਤਾ, ਸੰਭਾਵਨਾਵਾਂ, ਫ਼ੈਸਲੇ, ਚੋਣ, ਆਜ਼ਾਦੀ, ਜ਼ਿੰਮੇਵਾਰੀ, ਗੁਨਾਹ, ਨਿਰਾਸ਼ਤਾ ਸੀਮ-ਬਧਤਾ, ਜਜ਼ਬਾਤੀਪਣ, ਮਨੋਦਸ਼ਾ, ਫ਼ਿਕਰ,

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 90