ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਅਕਤੀ/ਨਾਇਕ ਦੇ ਪ੍ਰਮਾਣਿਕ ਅਸਤਿਤਵ ਦੀ ਘਾੜਤ ਹੁੰਦੀ ਹੈ। ਵਾਰਿਸ ਦੀ ਹੀਰ ਦੁਨਿਆਵੀ ਸਾਹਿਤ ਹੁੰਦੀ ਹੋਈ ਵੀ ਕੁਰਾਨ ਦੇ ਮਾਅਨੇ ਰੱਖਦੀ ਹੈ। ਜੰਗਨਾਮੇ ਵਰਗੀਆਂ ਰਚਨਾਵਾਂ ਵਿੱਚ ਵੀ ਸ਼ਾਹ ਮੁਹੰਮਦ ‘ਓਸ ਤੋਂ ਸਦਾ ਡਰੀਏ' ਦਾ ਸੰਕੇਤ ਕਰਦਾ ਹੈ। ਕਿਸੇ ਰਚਨਾ ਵਿੱਚ ਹੋਣੀ ਆਪਣਾ ਰੋਲ ਅਦਾ ਕਰਦੀ ਹੈ। ਕਿਧਰੇ ਵਿਅਕਤੀਆਂ ਦੇ ਗੁਣਾਂ/ਭੁੱਲਾਂ ਸਦਕਾ ਪ੍ਰਾਪਤੀ/ਅਪ੍ਰਾਪਤੀ ਹੁੰਦੀ ਹੈ। ਰੱਬ ਨੇ ਬੰਦੇ ਨੂੰ ਬੁੱਧੀ ਦਿੱਤੀ ਹੈ, ਇਸ ਲਈ ਚੰਗੇ ਮੰਦੇ ਕਰਮਾਂ ਦੀ ਚੋਣ, ਉਨ੍ਹਾਂ ਤੇ ਅਮਲ ਕਰਦਿਆਂ ਠੀਕ/ਗ਼ਲਤ ਨਤੀਜਿਆਂ ਲਈ ਉਹ ਖ਼ੁਦ ਜ਼ਿੰਮੇਵਾਰ ਹੈ। ਸ਼ਖ਼ਸੀਅਤ/ਅਸਤਿਤਵ ਦੀ ਉਸਾਰੀ ਵਿੱਚ ਅਤੇ ਇਸਦੀ ਸਮਝ ਵਿੱਚ ਆਸਤਿਕ, ਨਾਸਤਿਕ ਅਤੇ ਰਲਵੇਂ ਮਿਲਵੇਂ ਗੁਣ ਰੱਖਣ ਵਾਲੇ ਸਾਹਿਤ ਸਿਰਜਕਾਂ ਦਾ ਯੋਗਦਾਨ ਹੈ। ਅਸਤਿਤਵਵਾਦੀ ਧਾਰਮਿਕ ਵੀ ਹਨ ਅਤੇ ਨਾਸਤਿਕ ਵੀ। ਦੋਵਾਂ ਦੇ ਅਸਤਿਤਵਵਾਦੀ ਵਿਚਾਰਾਂ ਦੀ ਰੌਸ਼ਨੀ ਵਿੱਚ ਅਸੀਂ ਪੰਜਾਬੀ ਸਾਹਿਤ ਦੀਆਂ ਕੁੱਝ ਚੋਣਵੀਆਂ ਰਚਨਾਵਾਂ ਦਾ ਵਿਵਹਾਰਿਕ ਵਿਸ਼ਲੇਸ਼ਣ ਕਰਨ ਦਾ ਯਤਨ ਕਰਾਂਗੇ ਕਿਉਂਜੋ ਆਸਤਿਕ ਅਤੇ ਨਾਸਤਿਕ ਦੋਵੇਂ ਪਰਿਪਾਟੀਆਂ ਦੇ ਕੇਂਦਰ ਵਿੱਚ ਤਾਂ ‘ਮਨੁੱਖ' ਹੀ ਹੈ। ਸਾਹਿਤਕਾਰਾਂ ਨੇ ਆਪਣੇ ਪਾਤਰਾਂ ਦੀ ਚੋਣ ਵੀ ਤਾਂ ਮਨੁੱਖਾਂ ਵਿੱਚੋਂ ਹੀ ਕੀਤੀ ਹੁੰਦੀ ਹੈ।

ਰੱਬ ਸਿਰਜਕ ਵਜੋਂ:- ਰੱਬ ਸਿਰਜਨਹਾਰ ਹੈ। ਉਸਨੇ ਹੀ ਬੰਦੇ ਨੂੰ ਧਰਤੀ 'ਤੇ ਘੱਲਿਆ ਹੈ। ਉਹ ਕਰਤਾ ਪੁਰਖ ਹੈ ਅਤੇ ਸਿਰਜਨ ਦੀ ਸਮਰੱਥਾ ਰੱਖਦਾ ਹੈ। ਉਹ ਬੰਦੇ ਦੇ ਗੁਨਾਹਾਂ (Guilt) ਲਈ ਸਜ਼ਾ ਦੀ ਵੀ ਸ਼ਕਤੀ ਰੱਖਦਾ ਹੈ। ਮਿਹਰ/ਨਦਰ (Grace) ਦੀ ਵੀ। ਰੱਬ ਨੇ ਸਿਰਜਨ ਸਮੇਂ ਬੰਦੇ ਨੂੰ ਜੇਹੋਜੇ ਹਾਲਾਤ ਵਿੱਚ ਜਨਮ ਦਿੱਤਾ। ਇਹੋ ਵਿਅਕਤੀ ਦੀ ਫੈਕਟੀਸਿਟੀ (Facticity) ਹੈ। ਇਸ ਫੈਕਟੀਸਿਟੀ ਵਿੱਚ ਭਾਰ, ਉਚਾਈ, ਰੰਗ (ਕੁਦਰਤੀ ਗੁਣ); ਜਾਤ, ਗੋਤ, ਧਰਮ, ਕੌਮੀਅਤ (ਸਮਾਜਿਕ ਗੁਣ); ਵਿਸ਼ਵਾਸ, ਇੱਛਾਵਾਂ ਆਦਿ (ਮਨੋਵਿਗਿਆਨਿਕ ਗੁਣ); ਭੂਤ ਦੇ ਕਾਰਜ, ਪਰਿਵਾਰ, ਵਡੇਰੇ ਆਦਿ (ਇਤਿਹਾਸਕ ਗੁਣ) ਸਭ ਸ਼ਾਮਲ ਹੁੰਦੇ ਹਨ। ਇਹ ਸਭ ਕੁੱਝ ਬੰਦੇ ਦੇ ਜਨਮ ਸਮੇਂ ਉਸਨੂੰ ਰੈਡੀਮੇਡ ਮਿਲਦਾ ਹੈ। ਇਨ੍ਹਾਂ ਗੁਣਾਂ ਵਿੱਚ ਉਸਦੀ ਮਰਜ਼ੀ ਨਹੀਂ ਪੁੱਗਦੀ। ਜਨਮ ਦੇ ਨਾਲ਼ ਨਾਲ਼ ਮੌਤ ਦੀ ਘੜੀ ਵੀ ਬੰਦੇ ਦੇ ਵਸ ਵਿੱਚ ਨਹੀਂ। ਧਾਰਮਿਕ ਸਾਹਿਤ ਦੇ ਅਧਿਐਨ ਲਈ ਇਸ ਨੁਕਤੇ ਦਾ ਮਹੱਤਵ ਹੈ।

ਸਿਰਜਕ ਸਾਹਿਤਕਾਰ:- ਸਾਹਿਤਕਾਰ ਸਾਹਿਤ ਸਿਰਜਨਾ ਕਰਦਿਆਂ ਆਪਣੇ ਪਾਤਰਾਂ ਨੂੰ ਜਿਸ ਪਰਿਸਥਿਤੀ ਵਿੱਚ ਪੇਸ਼ ਕਰਦਾ ਹੈ। ਉਹ ਹੀ ਪਾਤਰਾਂ ਦੀ ‘ਤਥਾਤਮਕਤਾ’ (Facticity) ਹੈ। ਉਹ ਪਾਤਰਾਂ ਨੂੰ ਬਾਜ਼ੀ ਵੰਡਦਿਆਂ ਜਿਹੜੇ ਪੱਤੇ ਦਿੰਦਾ ਹੈ, ਬਾਜ਼ੀ ਉਨ੍ਹਾਂ ਪਾਤਰਾਂ ਨੇ ਉਨ੍ਹਾਂ ਪੱਤਿਆਂ ਨਾਲ ਹੀ ਖੇਡਣੀ ਹੁੰਦੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 95