ਸਮੱਗਰੀ 'ਤੇ ਜਾਓ

ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਝਾਤ: ਕਿੱਸਾ ਅੰਜਨਾ ਦੇਵੀ

ਪੁਰਾਤਨ ਇਤਿਹਾਸ, ਮਿਥਿਹਾਸ ਵਿਚ ਬਹੁਤ ਸਾਰੀਆਂ ਕਹਾਣੀਆਂ ਹਨ, ਜਿਹਨਾਂ ਨੂੰ ਆਧਾਰ ਬਣਾ ਕੇ ਸਾਡੇ ਕਿੱਸਾਕਾਰਾਂ ਨੇ ਕਿੱਸੇ ਲਿਖੇ ਹਨ। ਇਸੇ ਤਰ੍ਹਾਂ ਸਾਡੇ ਹੱਥਲੇ ਕਵੀ ਉਜਾਗਰ ਸਿੰਘ ‘ਸ਼ਾਮ’ ਨੇ ‘ਅੰਜਨਾ ਦੇਵੀ' ਨਾਂ ਦੇ ਕਿੱਸੇ ਦੀ ਰਚਨਾ ਕੀਤੀ। ਕਵੀ ‘ਸ਼ਾਮ’ ਝੂੰਦਾਂ ਪਿੰਡ ਦਾ ਵਸਨੀਕ ਸੀ ਉਸਦੇ ਪੁੱਤਰਾਂ-ਧੀਆਂ ਦੇ ਕਹਿਣ ਮੁਤਾਬਕ ਉਸਨੇ ਲਹਿੰਦੇ ਪੰਜਾਬ ਵਿਚ ਰਹਿੰਦਿਆਂ ਬਹੁਤ ਸਾਰੇ ਕਿੱਸੇ ਅਤੇ ਪ੍ਰਸੰਗ ਲਿਖੇ ਸਨ ਜਿਨ੍ਹਾਂ ਦਾ ਸੰਬੰਧ ਮਿਥਿਹਾਸ, ਸਿੱਖ ਇਤਿਹਾਸ ਅਤੇ ਸਥਾਨਿਕ ਘਟਨਾਵਾਂ ਨਾਲ ਸੀ। ਦੇਸ਼ ਦੀ ਵੰਡ ਕਾਰਨ ਓਧਰੋਂ ਆਏ ਵਸਨੀਕਾਂ ਦੀ ਇਹ ਬਦਕਿਸਮਤੀ ਸੀ ਕਿ ਘਰਬਾਰ, ਜਾਇਦਾਦ ਤਾਂ ਓਧਰ ਛੱਡ ਹੀ ਆਏ ਸਨ ਪਰ ਸਾਹਿਤਕ ਬਿਰਤੀ ਵਾਲੇ ਲੇਖਕਾਂ ਦੀਆਂ ਅਮੁੱਲ ਰਚਨਾਵਾਂ ਵੀ ਉਥੇ ਹੀ ਰਹਿ ਗਈਆਂ ਸਨ। ਹੁਣ ਸਾਡੇ ਕੋਲ ਉਸਦੀ ਇਕੋ ਇਕ ਰਚਨਾ ਕਿੱਸਾ ‘ਅੰਜਨਾ ਦੇਵੀ' ਹੀ ਉਪਲਬਧ ਹੈ।

ਅੰਜਨਾ ਬੀਰ ਹਨੂਮਾਨ ਦੀ ਮਾਤਾ ਜੀ ਸਨ ਜਿਨ੍ਹਾਂ ਬਾਰੇ ਵੱਖ-ਵੱਖ ਕਥਾਵਾਂ ਪ੍ਰਚਲਿਤ ਹਨ। ਬਹੁਤ ਸਾਰੀਆਂ ਅਮੰਨਣਯੋਗ ਹਨ। ਉਹਨਾਂ ਵਿਚ ਪਰਾਸਰੀਰਕ ਸ਼ਕਤੀਆਂ, ਅਦਭੁਤ ਘਟਨਾਵਾਂ, ਅਤਿਕਥਨੀ ਦੀ ਭਰਮਾਰ ਹੈ। ਕਵੀ ਨੇ ਇਹ ਕਿੱਸਾ ਲਿਖਣ ਸਮੇਂ ਪਹਿਲਾਂ ਆਮ ਰਵਾਇਤ ਅਨੁਸਾਰ ਮੰਗਲਾਚਰਣ ਲਿਖਿਆ, ਫਿਰ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਹੈ ਤਾਂ ਜੋ ਕਾਰਜ ਨਿਰਵਿਘਨ ਨੇਪਰੇ ਚੜ੍ਹ ਸਕੇ। ਇਸ ਉਪਰੰਤ ਕਿਤਾਬ ਲਿਖਣ ਦਾ ਕਾਰਨ ਦਰਸਾਇਆ ਗਿਆ ਹੈ। ਜਿਵੇਂ ਰਾਮ-ਕਥਾ ਵਿਚ ਸੀਤਾ ਨੇ ਦੁੱਖ-ਕਸ਼ਟ ਝੱਲੇ; ਇਸੇ ਤਰ੍ਹਾਂ ਅੰਜਨਾ ਦੇਵੀ ਨੇ ਵੀ ਆਪਣਾ ਬਹੁਤਾ ਜੀਵਨ ਦੁੱਖਾਂ ਵਿਚ ਹੀ ਬਤੀਤ ਕੀਤਾ।

ਆਖ਼ਰ ਫ਼ੈਸਲਾ ਦਿਲ ਨੇ ਇਉਂ ਕੀਤਾ,

ਕਰਾਂ ਅੰਜਨਾ ਹਾਲ ਬਿਆਨ ਵੀਰੋ।

ਅੰਜਨਾ ਦੇਵੀ - 11